ਪਹਿਲੇ ਦਿਨ ਪ੍ਰਸਿੱਧ ਕੀਰਤਨੀ ਰਾਗੀ ਜਥਿਆਂ ਨੇ ਭਰੀ ਹਾਜ਼ਰੀ, ਗੁਰਬਾਣੀ ਕੀਰਤਨ ਨਾਲ ਸੰਗਤਾਂ ਹੋਈਆਂ ਨਿਹਾਲ
ਅੰਮ੍ਰਿਤਸਰ, 31 ਅਕਤੂਬਰ (ਗੁਰਵਿੰਦਰ ਸਿੰਘ ਛੀਨਾ)-ਨੇੜਲੇ ਪਿੰਡ ਮਾਨਾਂਵਾਲਾ ਵਿਖੇ ਸਮੂਹ ਪਿੰਡ ਵਾਸੀਆਂ ਵੱਲੋਂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਰੋਜ਼ਾ ਰੈਣ ਸੁਬਾਈ ਕੀਰਤਨ ਦਰਬਾਰ ਕਰਵਾਇਆ ਗਿਆ। ਇਹ ਸਮਾਗਮ ਬਾਬਾ ਕੁਲਬੀਰ ਸਿੰਘ ਜੀ ਕਾਰ ਸੇਵਾ ਗੁਰੂ ਕੇ ਬਾਗ ਵਾਲਿਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਗੁਰਦੁਆਰਾ ਸਾਹਿਬ ਵਿਖੇ ਸਜਾਇਆ ਗਿਆ।
ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਵੇਰੇ 10 ਵਜੇ ਪਾਏ ਗਏ। ਇਸ ਉਪਰੰਤ ਖੁੱਲ੍ਹੇ ਪੰਡਾਲ ਵਿਚ ਰਹਿਰਾਸ ਸਾਹਿਬ ਦੇ ਪਾਠ ਮਗਰੋਂ ਦੋ ਰੋਜ਼ਾ ਰੈਣ ਸੁਬਾਈ ਕੀਰਤਨ ਦਰਬਾਰ ਦੀ ਆਰੰਭਤਾ ਹੋਈ।
ਪਹਿਲੇ ਦਿਨ ਸ਼ਾਮ 6 ਵਜੇ ਤੋਂ ਰਾਤ 11 ਵਜੇ ਤੱਕ ਪੰਥ ਦੇ ਪ੍ਰਸਿੱਧ ਰਾਗੀ ਜਥਿਆਂ, ਢਾਡੀਆਂ, ਕਵੀਸ਼ਰਾਂ ਅਤੇ ਕਥਾਵਾਚਕਾਂ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਸੰਤ ਮਹਾਂਪੁਰਸ਼ ਬਾਬਾ ਕੁਲਬੀਰ ਸਿੰਘ ਜੀ ਵਲੋਂ ਸਮਾਗਮ ਵਿਚ ਪਹੁੰਚੇ ਵੱਖ-ਵੱਖ ਕੀਰਤਨੀ ਜਥਿਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦਾ ਲੰਗਰ ਵੀ ਲਗਾਇਆ ਗਿਆ।
ਪਿੰਡ ਦੇ ਨੌਜਵਾਨਾਂ ਵਲੋਂ ਪੂਰੀ ਸ਼ਰਧਾ ਅਤੇ ਭਾਵਨਾ ਨਾਲ ਸੇਵਾ ਨਿਭਾਈ ਗਈ। ਨੌਜਵਾਨਾਂ ਨੇ ਸਤਿਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਦਿਆਂ ਸੰਗਤਾਂ ਨੂੰ ਬੜੇ ਅਦਬ ਅਤੇ ਸਤਿਕਾਰ ਨਾਲ ਲੰਗਰ ਛਕਾਇਆ ਅਤੇ ਤਨੋ-ਮਨੋ ਸੇਵਾ ਕੀਤੀ। ਇਸ ਮੌਕੇ ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ।