04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਹੁਣ ਤੱਕ ਮੰਡੀਆਂ ’ਚੋਂ 70 ਹਜ਼ਾਰ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ-ਕਟਾਰੂਚੱਕ ਕਿਹਾ, ਗੁਦਾਮਾਂ ਤੇ ਸ਼ੈਲਰਾਂ ’ਚ ਪਈ ਕਣਕ ਤੇ ਝੋਨੇ ਦੀ ਚੁਕਾਈ ਨਾ ਹੋਣ ਲਈ ਕੇਂਦਰ ਸਰਕਾਰ ਜ਼ਿੰਮੇਵਾਰ

ਕਪੂਰਥਲਾ, 3 ਅਕਤੂਬਰ (ਅਮਰਜੀਤ ਕੋਮਲ)-ਪੰਜਾਬ ਦੀਆਂ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਪਹਿਲੇ ਦੋ ਦਿਨਾਂ ਦੌਰਾਨ ਰਾਜ ਦੀਆਂ ਮੰਡੀਆਂ ਵਿਚੋਂ 70 ਹਜ਼ਾਰ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ, ਜਦਕਿ ਮੰਡੀਆਂ ਵਿਚ 97 ਹਜ਼ਾਰ ਮੀਟ੍ਰਿਕ ਟਨ ਝੋਨੇ ਦੀ ਆਮਦ ....

ਅਜੀਤ ਡੈਸਕ 04-10-2026

ਕਪੂਰਥਲਾ, 3 ਅਕਤੂਬਰ (ਅਮਰਜੀਤ ਕੋਮਲ)-ਪੰਜਾਬ ਦੀਆਂ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਪਹਿਲੇ ਦੋ ਦਿਨਾਂ ਦੌਰਾਨ ਰਾਜ ਦੀਆਂ ਮੰਡੀਆਂ ਵਿਚੋਂ 70 ਹਜ਼ਾਰ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ, ਜਦਕਿ ਮੰਡੀਆਂ ਵਿਚ 97 ਹਜ਼ਾਰ ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ। ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦਾਣਾ ਮੰਡੀ ਕਪੂਰਥਲਾ ’ਚ ਝੋਨੇ ਦੀ ਖ਼ਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਝੋਨੇ ਦੇ ਇਸ ਖ਼ਰੀਦ ਸੀਜ਼ਨ ਦੌਰਾਨ ਕੇਂਦਰੀ ਪੂਲ ਲਈ 180 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਮਿੱਥਿਆ ਗਿਆ ਹੈ ਤੇ ਇਸ ਟੀਚੇ ਨੂੰ ਪੂਰਾ ਕਰਨ ਲਈ ਸੂਬੇ ਦੀਆਂ ਸਾਰੀਆਂ ਦਾਣਾ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਝੋਨੇ ਦੀ ਖ਼ਰੀਦ ਲਈ ਲੋੜੀਂਦੇ ਵਿੱਤੀ ਪ੍ਰਬੰਧ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਵਲੋਂ 42786 ਕਰੋੜ ਦੀ ਕੈਸ਼ ਕਰੈਡਿਟ ਲਿਮਟ ਮਨਜ਼ੂਰ ਕੀਤੀ ਗਈ ਹੈ ਤੇ ਸਰਕਾਰ ਇਹ ਗੱਲ ਯਕੀਨੀ ਬਣਾਏਗੀ ਕਿ ਕਿਸਾਨਾਂ ਵਲੋਂ ਖ਼ਰੀਦੇ ਗਏ ਝੋਨੇ ਦੀ 24 ਘੰਟੇ ਦੇ ਅੰਦਰ-ਅੰਦਰ ਬਣਦੀ ਅਦਾਇਗੀ ਸਿੱਧੀ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਜਮ੍ਹਾਂ ਕਰਵਾਈ ਜਾਵੇ। ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਦੇ ਗੁਦਾਮਾਂ ਤੇ ਸ਼ੈਲਰਾਂ ਵਿਚ ਪਈ ਕਣਕ ਤੇ ਝੋਨੇ ਚੁਕਾਈ ਨਾ ਕੀਤੇ ਜਾਣ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਅਨਾਜ ਦੇ ਭੰਡਾਰਨ ਲਈ ਲੋੜੀਂਦੀ ਜਗ੍ਹਾ ਬਣਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਖ਼ਰੀਦ ਕਾਰਜ ਨਿਰਵਿਘਨ ਜਾਰੀ ਰਹਿਣ। ਕਟਾਰੂਚੱਕ ਨੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਫ਼ਸਲ ਦੀ ਖ਼ਰੀਦ, ਚੁਕਾਈ ਤੇ ਅਦਾਇਗੀ ’ਚ ਬੇਲੋੜੀ ਦੇਰੀ ਨਾ ਕਰਨ। ਇਸ ਮੌਕੇ ਉਨ੍ਹਾਂ ਕਿਸਾਨ ਸੁਖਜਿੰਦਰ ਸਿੰਘ ਵਲੋਂ ਮੰਡੀ ਵਿਚ ਲਿਆਂਦੀ ਝੋਨੇ ਦੀ ਖ਼ਰੀਦ ਦੀ ਸ਼ੁਰੂਆਤ ਕਰਵਾਈ ਤੇ ਬਾਅਦ ਵਿਚ ਕਿਸਾਨਾਂ, ਆੜ੍ਹਤੀਆਂ, ਚੌਲ ਮਿੱਲ ਮਾਲਕਾਂ ਤੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ, ‘ਆਪ’ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ, ਸਾਬਕਾ ਮੇਅਰ ਨਰਿੰਦਰ ਸਿੰਘ ਮਨਸੂ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਜਸਜੀਤ ਕੌਰ ਤੋਂ ਇਲਾਵਾ ਆੜ੍ਹਤੀਏ, ਖ਼ਰੀਦ ਏਜੰਸੀਆਂ ਦੇ ਅਧਿਕਾਰੀ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਟਰੰਪ ਨੇ ਯੁੱਧ ਖ਼ਤਮ ਕਰਨ ਦੀ ਈਰਾਨ ਦੀ ਪੇਸ਼ਕਸ਼ ਨੂੰ ਕੀਤਾ ਰੱਦ ਅਗਲੀ ਖ਼ਬਰ ਅਮੀਰ ਮੁਹੰਮਦ (ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।