ਚੌਂਕ ਮਹਿਤਾ, (ਅੰਮ੍ਰਿਤਸਰ), 26 ਅਕਤੂਬਰ, (ਜਗਦੀਸ਼ ਸਿੰਘ ਬਮਰਾਹ)- ਅੱਜ ਸਵੇਰੇ ਮਹਿਤਾ ਚੌਂਕ ਵਿਖੇ ਸਥਿਤ ਜੇ. ਡੀ. ਜਿੰਮ ’ਤੇ ਅਣ-ਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਮੋਟਰਸਾਈਕਲ ’ਤੇ ਸਵਾਰ ਕੁਝ ਅਣ-ਪਛਾਤੇ ਵਿਅਕਤੀਆਂ ਨੇ ਜਿੰਮ ਦੇ ਬਾਹਰ ਖੜ੍ਹੇ ਕੇ ਗੋਲੀਆਂ ਚਲਾਈਆਂ,ਜਿਸ ਨਾਲ ਜਿੰਮ ਦੀਆਂ ਖਿੜਕੀਆਂ, ਦਰਵਾਜ਼ੇ ਅਤੇ ਬਾਹਰੀ ਹਿੱਸੇ ਨੁਕਸਾਨੇ ਗਏ। ਹਮਲਾਵਰ ਗੋਲੀਆਂ ਚਲਾਉਣ ਤੋਂ ਬਾਅਦ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਸੂਤਰਾਂ ਅਨੁਸਾਰ ਜਿੰਮ ਦੇ ਮਾਲਕਾਂ ਕੋਲੋਂ ਪਿਛਲੇ ਦਿਨੀਂ ਇਕ ਕਰੋੜ ਦੀ ਫਿਰੌਤੀ ਮੰਗੀ ਗਈ ਸੀ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲਾਵਰਾਂ ਦੀ ਪਛਾਣ ਅਤੇ ਫਿਰੌਤੀ ਦੀ ਮੰਗ ਆਦਿ ਬਾਰੇ ਅਧਿਕਾਰਤ ਪੁਸ਼ਟੀ ਹੋਣੀ ਬਾਕੀ ਹੈ।