ਨਵੀਂ ਦਿੱਲੀ, 1 ਅਕਤੂਬਰ (ਏਜੰਸੀ)-ਦਿੱਲੀ ਹਾਈ ਕੋਰਟ ਵੱਲੋਂ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ) ਤਹਿਤ ਦਰਜ ਸੱਤ ਮਾਮਲਿਆਂ ਵਿਚ ਜ਼ਮਾਨਤ ਮਿਲਣ ਤੋਂ ਬਾਅਦ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ (ਜੱਗੀ ਜੌਹਲ) ਵੀਰਵਾਰ ਨੂੰ ਤਿਹਾੜ ਜੇਲ੍ਹ ਤੋਂ ਬਾਹਰ ਆ ਗਿਆ। ਜਗਤਾਰ ਸਿੰਘ ਜੌਹਲ ਨੂੰ ਕਰੀਬ 9 ਸਾਲਾਂ ਦੀ ਹਿਰਾਸਤ ਮਗਰੋਂ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ ਹੈ। ਸਕਾਟਲੈਂਡ ਦੇ ਡੰਬਾਰਟਨ ਵਾਸੀ 39 ਸਾਲਾਂ ਜੌਹਲ ਨੂੰ ਸਾਲ 2017 ’ਚ ਪੰਜਾਬ ’ਚ ਉਸ ਦੇ ਵਿਆਹ ਤੋਂ ਮਹਿਜ਼ 2 ਹਫ਼ਤੇ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਦਿੱਲੀ ਹਾਈ ਕੋਰਟ ਨੇ 18 ਸਤੰਬਰ ਨੂੰ 2024 ਦੇ ਆਪਣੇ ਪਿਛਲੇ ਫੈਸਲੇ ਨੂੰ ਪਲਟਦਿਆਂ ਜੌਹਲ ਨੂੰ ਜ਼ਮਾਨਤ ਦੇ ਦਿੱਤੀ ਸੀ। ਹਾਲਾਂਕਿ ਜ਼ਮਾਨਤ ਮਿਲਣ ਦੇ ਬਾਵਜੂਦ ਉਸ ਦੀਆਂ ਮੁਸ਼ਕਿਲਾਂ ਪੂਰੀ ਤਰ੍ਹਾਂ ਖਤਮ ਨਹੀਂ ਹੋਈਆਂ। ਉਸ ’ਤੇ ਕਥਿਤ ਅੱਤਵਾਦੀ ਅਪਰਾਧਾਂ ਨਾਲ ਸੰਬੰਧਿਤ ਮਾਮਲਿਆਂ ’ਚ ਮੁਕੱਦਮਾ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਇਕ ਅੰਤਰਰਾਸ਼ਟਰੀ ਸਾਜ਼ਿਸ਼ ਦਾ ਦੋਸ਼ ਲਗਾਏ ਜਾਣ ਤੋਂ ਬਾਅਦ ਜਾਂਚ ਐਨ.ਆਈ.ਏ. ਨੂੰ ਤਬਦੀਲ ਕੀਤੀ ਗਈ ਸੀ। ਉਸਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕਰਦੇ ਹੋਏ, ਐਨ.ਆਈ.ਏ. ਨੇ ਦਲੀਲ ਦਿੱਤੀ ਸੀ ਕਿ ਜੌਹਲ, ਇਕ ਵਿਦੇਸ਼ੀ ਨਾਗਰਿਕ ਹੋਣ ਕਰਕੇ, ਭੱਜਣ ਦਾ ਜੋਖਮ ਹੈ ਤੇ ਉਸ ’ਤੇ ਗੰਭੀਰ ਦੋਸ਼ ਹਨ। ਜਦਕਿ, ਅਦਾਲਤ ਨੇ ਜੌਹਲ ਨੂੰ 5 ਲੱਖ ਰੁਪਏ ਦੇ ਨਿੱਜੀ ਮੁਚਲਕੇ ’ਤੇ ਉਸਨੂੰ ਜ਼ਮਾਨਤ ਦੇ ਦਿੱਤੀ। ਇਸਦੇ ਨਾਲ ਉਸਨੂੰ ਆਪਣਾ ਪਾਸਪੋਰਟ ਸਮਰਪਣ ਕਰਨ, ਜਾਂਚ ਅਧਿਕਾਰੀ ਨੂੰ ਆਪਣਾ ਸੰਪਰਕ ਵੇਰਵਾ ਦੇਣ ਤੇ ਹਰ ਪੰਦਰਵਾੜੇ ਅਧਿਕਾਰੀ ਨੂੰ ਰਿਪੋਰਟ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ। ਜੌਹਲ ਦੇ ਭਰਾ ਗੁਰਪ੍ਰੀਤ ਸਿੰਘ ਨੇ ਉਸ ਦੀ ਰਿਹਾਈ ’ਤੇ ਭਾਵੁਕ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪਿਛਲੇ 9 ਸਾਲਾਂ ਦੌਰਾਨ ਪਰਿਵਾਰ ਨੇ ਇੰਨੀਆਂ ਮੁਸ਼ਕਲਾਂ ਤੇ ਨਿਰਾਸ਼ਾਵਾਂ ਦਾ ਸਾਹਮਣਾ ਕੀਤਾ ਕਿ ਉਨ੍ਹਾਂ ਨੂੰ ਉਦੋਂ ਤੱਕ ਰਿਹਾਈ ’ਤੇ ਯਕੀਨ ਨਹੀਂ ਹੋਇਆ, ਜਦੋਂ ਤੱਕ ਉਨ੍ਹਾਂ ਨੇ ਜਗਤਾਰ ਨੂੰ ਆਪਣੀਆਂ ਅੱਖਾਂ ਨਾਲ ਜੇਲ੍ਹ ਦੇ ਗੇਟ ਤੋਂ ਬਾਹਰ ਆਉਂਦੇ ਨਹੀਂ ਦੇਖ ਲਿਆ। ਜੌਹਲ ਦੇ ਪਰਿਵਾਰ ਦਾ ਦਾਅਵਾ ਹੈ ਕਿ ਉਸ ਨੂੰ ਸਿੱਖ ਭਾਈਚਾਰੇ ਵਿਰੁੱਧ ਮਨੁੱਖੀ ਅਧਿਕਾਰਾਂ ਦੀ ਕਥਿਤ ਉਲੰਘਣਾ ਬਾਰੇ ਬਲੌਗ ਲਿਖਣ ਕਾਰਨ ਹਿਰਾਸਤ ਵਿਚ ਲਿਆ ਗਿਆ ਸੀ। ਇਸ ਸੰਬੰਧੀ ਜੌਹਲ ਦੇ ਵਕੀਲ ਨੇ ਕਿਹਾ ਕਿ ਜ਼ਮਾਨਤ ’ਤੇ ਰਿਹਾਈ ਦੇ ਬਾਵਜੂਦ ਜੌਹਲ ਖ਼ਿਲਾਫ਼ ਬਕਾਇਆ ਮੁਕੱਦਮੇ ਜਾਰੀ ਰਹਿਣਗੇ। ਉਹ ਅਦਾਲਤ ਦੀ ਇਜਾਜ਼ਤ ਤੋਂ ਬਿਨ੍ਹਾਂ ਭਾਰਤ ਨਹੀਂ ਛੱਡ ਸਕਦਾ। ਇਸ ਲਈ ਸਕਾਟਲੈਂਡ ਵਾਪਸੀ ਲਈ ਵੱਖਰੀ ਅਦਾਲਤੀ ਮਨਜ਼ੂਰੀ ਲੋੜੀਂਦੀ ਹੋਵੇਗੀ। ਉਸ ਦੀ ਕਾਨੂੰਨੀ ਟੀਮ ਬਕਾਇਆ ਮਾਮਲਿਆਂ ਵਿਚ ਦੋਸ਼ਾਂ ਨੂੰ ਚੁਣੌਤੀ ਦਿੰਦੀ ਰਹੇਗੀ।
9 ਸਾਲਾਂ ਦੀ ਹਿਰਾਸਤ ਮਗਰੋਂ ਜਗਤਾਰ ਸਿੰਘ ਜੌਹਲ ਜ਼ਮਾਨਤ ’ਤੇ ਰਿਹਾਅ
ਨਵੀਂ ਦਿੱਲੀ, 1 ਅਕਤੂਬਰ (ਏਜੰਸੀ)-ਦਿੱਲੀ ਹਾਈ ਕੋਰਟ ਵੱਲੋਂ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ) ਤਹਿਤ ਦਰਜ ਸੱਤ ਮਾਮਲਿਆਂ ਵਿਚ ਜ਼ਮਾਨਤ ਮਿਲਣ ਤੋਂ ਬਾਅਦ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ...
ਅਜੀਤ ਡੈਸਕ
02-10-2026