ਪ੍ਰਧਾਨ ਮੰਤਰੀ ਵਲੋਂ ਕਰਨਾਟਕ ’ਚ 15,600 ਕਰੋੜ ਦੇ ਪ੍ਰਾਜੈਕਟਾਂ ਦਾ ਉਦਘਾਟਨ
ਬੈਂਗਲੁਰੂ, 13 ਨਵੰਬਰ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਿਛਲੇ ਦਹਾਕੇ ’ਚ ਚੁੱਕੇ ਗਏ ਕਦਮਾਂ ਨੇ ਦੇਸ਼ ਨੂੰ ਉਸ ਸੰਕਟ ’ਚੋਂ ਸੁਰੱਖਿਅਤ ਨਿਕਲਣ ’ਚ ਮਦਦ ਕੀਤੀ, ਜੋ ਮੱਧ ਪੂਰਬ ’ਚ ਜੰਗ ਦੌਰਾਨ ਪੈਦਾ ਹੋਇਆ ਸੀ। ਉਹ ਇਥੇ ਕਰਨਾਟਕ ਭਰ ’ਚ 15,600 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵੱਖ-ਵੱਖ ਭਲਾਈ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਤੋਂ ਬਾਅਦ ਸੰਬੋਧਨ ਕਰ ਰਹੇ ਸਨ। ਇਨ੍ਹਾਂ ’ਚ ਨਵਿਆਉਣਯੋਗ ਊਰਜਾ ਅਤੇ ਪੈਟਰੋਲੀਅਮ ਬੁਨਿਆਦੀ ਢਾਂਚੇ ਨਾਲ ਸੰਬੰਧਿਤ ਪ੍ਰਾਜੈਕਟ ਵੀ ਸ਼ਾਮਿਲ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਈਰਾਨ ਅਤੇ ਖਾੜੀ ਖੇਤਰ ਵਿੱਚ (ਅਤੇ ਆਲੇ-ਦੁਆਲੇ) ਚੱਲ ਰਹੀ ਜੰਗ ਨੇ ਇਹ ਦਿਖਾ ਦਿੱਤਾ ਕਿ ਊਰਜਾ ਸੁਰੱਖਿਆ ਕਿੰਨੀ ਮਹੱਤਵਪੂਰਨ ਹੈ। ਮੋਦੀ ਨੇ ਕਿਹਾ ਕਿ ਇਹ ਸਮਾਂ ਭਾਰਤ ਲਈ ਵੀ ਚੁਣੌਤੀਪੂਰਨ ਰਿਹਾ ਹੈ। ਹਾਲਾਂਕਿ, ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਪਿਛਲੇ ਦਹਾਕੇ ’ਚ ਚੁੱਕੇ ਗਏ ਕਦਮਾਂ ਨੇ ਸਾਨੂੰ ਇਸ ਸੰਕਟ ਦਾ ਆਤਮ-ਵਿਸ਼ਵਾਸ ਨਾਲ ਸਾਹਮਣਾ ਕਰਨ ’ਚ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਕਰਨਾਟਕ ’ਚ ਉਦਘਾਟਨ ਕੀਤੇ ਗਏ ਜਾਂ ਸ਼ੁਰੂ ਕੀਤੇ ਗਏ ਤਿੰਨ ਪ੍ਰਾਜੈਕਟ ਭਾਰਤ ਦੀ ਊਰਜਾ ਸੁਰੱਖਿਆ ਨੂੰ ਨਵੀਂ ਤਾਕਤ ਦੇਣਗੇ। ਮੰਗਲੁਰੂ ’ਚ ਐਲ.ਪੀ.ਜੀ. ਪ੍ਰਾਜੈਕਟ ਦੇਸ਼ ਦੀ ਐਲ.ਪੀ.ਜੀ. ਭੰਡਾਰਨ ਸਮਰੱਥਾ ’ਚ 80, ਪ੍ਰਤੀ ਮੀਟ੍ਰਿਕ ਟਨ ਦਾ ਵਾਧਾ ਕਰੇਗਾ, ਅਤੇ ਬੈਂਗਲੁਰੂ ਦੇ ਡੋਡਾ ਦਾਸਰਾਹੱਲੀ ਵਿਖੇ ‘ਦੇਵਾਂਗੋਂਥੀ ਮਾਰਕੀਟਿੰਗ ਟਰਮੀਨਲ’ ਪੈਟਰੋਲ, ਡੀਜ਼ਲ ਤੇ ਹਵਾਬਾਜ਼ੀ ਬਾਲਣ ਦੀ ਸਪਲਾਈ ਨੂੰ ਵਧੇਰੇ ਵਿਵਸਥਿਤ ਅਤੇ ਭਰੋਸੇਮੰਦ ਬਣਾਏਗਾ। ਬੈਂਗਲੁਰੂ ’ਚ ‘ਕੰਪ੍ਰੈਸਡ ਬਾਇਓਗੈਸ’ ਪਲਾਂਟ ਹਰ ਰੋਜ਼ ਲਗਭਗ 13 ਟਨ ਬਾਇਓਗੈਸ ਪੈਦਾ ਕਰੇਗਾ।ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਚਿਪਸ ਤੋਂ ਲੈ ਕੇ ਜਹਾਜ਼ਾਂ ਤੱਕ ਅਤੇ ਏ.ਆਈ. ਡਾਟਾ ਸੈਂਟਰਾਂ ਤੋਂ ਲੈ ਕੇ ਕੁਆਂਟਮ ਕੰਪਿਊਟਿੰਗ ਤੱਕ ਉੱਭਰਦੀਆਂ ਤਕਨੀਕਾਂ ’ਚ ਵਿਸ਼ਵ ਆਗੂ ਬਣਨ ਦੇ ਟੀਚੇ ਨਾਲ ਅੱਗੇ ਵਧ ਰਿਹਾ ਹੈ। ਇਹ ਯਕੀਨੀ ਬਣਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਦੇਸ਼ ਕੋਲ ਇਨ੍ਹਾਂ ਟੀਚਿਆਂ ਨੂੰ ਪੂਰਾ ਕਰਨ ਲਈ ਲੋੜੀਂਦੀ ਬਿਜਲੀ ਉਪਲਬਧ ਹੋਵੇ।
ਬੈਂਗਲੁਰੂ ’ਚ ਮੈਟਰੋ ਦੀ ‘ਪਿੰਕ ਲਾਈਨ’ ਦਾ ਉਦਘਾਟਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਮੈਟਰੋ ਰੇਲ ਪ੍ਰਾਜੈਕਟ ਦੀ ‘ਪਿੰਕ ਲਾਈਨ’ (ਕਲੇਨਾ ਅਗਰਾਹਾਰਾ ਤੋਂ ਤਵਾਰੇਕੇਰੇ ਤੱਕ) ਦਾ ਉਦਘਾਟਨ ਕੀਤਾ। ਇਸ ਲਾਈਨ ਨੂੰ ਬਣਾਉਣ ’ਤੇ ਲਗਭਗ 3,470 ਕਰੋੜ ਰੁਪਏ ਦੀ ਲਾਗਤ ਆਈ ਹੈ। ਪ੍ਰਧਾਨ ਮੰਤਰੀ ਮੋਦੀ ਅਤੇ ਕਰਨਾਟਕ ਦੇ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਮਿਲ ਕੇ ਨਵੀਆਂ ਸੇਵਾਵਾਂ ਦੀ ਸ਼ੁਰੂਆਤ ਕੀਤੀ ਅਤੇ ਮੈਟਰੋ ਰੇਲ ’ਚ ਸਫ਼ਰ ਕੀਤਾ। ‘ਪਿੰਕ ਲਾਈਨ’ ਦੀ ਕੁੱਲ ਲੰਬਾਈ 21.25 ਕਿਲੋਮੀਟਰ ਹੈ, ਜਿਸ ’ਚ 18 ਸਟੇਸ਼ਨ ਸ਼ਾਮਿਲ ਹਨ। ਪ੍ਰਧਾਨ ਮੰਤਰੀ ਵਲੋਂ ਉਦਘਾਟਨ ਕੀਤੇ ਗਏ ਉੱਚੇ (ਐਲੀਵੇਟਿਡ) ਹਿੱਸੇ ’ਚ 6 ਸਟੇਸ਼ਨ ਹਨ, ਜਦਕਿ ਜ਼ਮੀਨਦੋਜ਼ (ਅੰਡਰਗਰਾਊਂਡ) ਹਿੱਸੇ ’ਚ 12 ਸਟੇਸ਼ਨ ਹੋਣਗੇ, ਜਿਨ੍ਹਾਂ ਦਾ ਨਿਰਮਾਣ ਅਜੇ ਚੱਲ ਰਿਹਾ ਹੈ।