17 ਖਿਡਾਰੀਆਂ ਨੂੰ ‘ਅਰਜੁਨ’ ਅਤੇ 5 ਕੋਚਾਂ ਨੂੰ ‘ਦਰੋਣਾਚਾਰੀਆ’ ਪੁਰਸਕਾਰਾਂ ਨਾਲ ਕੀਤਾ ਸਨਮਾਨਿਤ


ਨਵੀਂ ਦਿੱਲੀ, 13 ਨਵੰਬਰ (ਏਜੰਸੀ)-ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਅੱਜ ਰਾਸ਼ਟਰਪਤੀ ਭਵਨ ਵਿਖੇ ਕਰਵਾਏ ਇਕ ਸਮਾਰੋਹ ਦੌਰਾਨ ‘ਕੌਮੀ ਖੇਡ ਪੁਰਸਕਾਰ 2025’ ਪ੍ਰਦਾਨ ਕੀਤੇ ਗਏ। ਇਹ ਪੁਰਸਕਾਰ ਹਰ ਸਾਲ ਖੇਡਾਂ ਦੇ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਨੂੰ ਮਾਨਤਾ ਦੇਣ ਅਤੇ ਸਨਮਾਨਿਤ ਕਰਨ ਲਈ ਦਿੱਤੇ ਜਾਂਦੇ ਹਨ। ਰਾਸ਼ਟਰਪਤੀ ਨੇ ‘ਤੇਨਜ਼ਿੰਗ ਨੋਰਗੇ ਰਾਸ਼ਟਰੀ ਸਾਹਸੀ ਪੁਰਸਕਾਰ 2024’ ਵੀ ਪ੍ਰਦਾਨ ਕੀਤੇ। ਸਾਲ 2025 ਵਿਚ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਕੁੱਲ 17 ਖਿਡਾਰੀਆਂ ਨੂੰ ‘ਅਰਜੁਨ ਪੁਰਸਕਾਰ’ ਲਈ ਚੁਣਿਆ ਗਿਆ ਸੀ, ਜਿਨ੍ਹਾਂ ਵਿਚ ਐਥਲੀਟ ਤੇਜਸਵਿਨ ਸ਼ੰਕਰ ਅਤੇ ਪ੍ਰਿਯੰਕਾ ਗੋਸਵਾਮੀ, ਸ਼ਤਰੰਜ ਖਿਡਾਰਨ ਦਿਵਿਆ ਜਿਤੇਂਦਰ ਦੇਸ਼ਮੁਖ, ਹਾਕੀ ਖਿਡਾਰੀ ਰਾਜਕੁਮਾਰ ਪਾਲ ਅਤੇ ਕਬੱਡੀ ਖਿਡਾਰਨ ਪੂਜਾ ਸ਼ਾਮਿਲ ਸਨ। ਭਾਰਤ ਦੇ ਸੀਨੀਅਰ ਫੁੱਟਬਾਲ ਖਿਡਾਰੀ ਈਸਾਯਾਹ ਅਰੁਮੈਨਾਯਗਮ ਨੂੰ ‘ਅਰਜੁਨ ਪੁਰਸਕਾਰ (ਲਾਈਫਟਾਈਮ)’ ਦਿੱਤਾ ਗਿਆ।ਇਸ ਤੋਂ ਇਲਾਵਾ ਪੰਜ ਕੋਚਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ‘ਦਰੋਣਾਚਾਰੀਆ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਪਰਵੀਰ ਸਿੰਘ, ਛੋਟੇ ਲਾਲ ਯਾਦਵ ਅਤੇ ਨੇਹਾ ਨੰਦਕੁਮਾਰ ਚਵਾਨ ਨੂੰ ‘ਨਿਯਮਤ ਸ਼੍ਰੇਣੀ’ ਵਿਚ ਦਰੋਣਾਚਾਰੀਆ ਪੁਰਸਕਾਰ ਮਿਲਿਆ, ਜਦਕਿ ਧਰਮਿੰਦਰ ਸਿੰਘ ਯਾਦਵ ਅਤੇ ਵੀਰੇਂਦਰ ਕੁਮਾਰ ਨੂੰ ‘ਲਾਈਫਟਾਈਮ ਸ਼੍ਰੇਣੀ’ ਵਿਚ ਇਹ ਪੁਰਸਕਾਰ ਦਿੱਤਾ ਗਿਆ। ਪੁਣੇ ਸਥਿਤ ‘ਆਰਮੀ ਪੈਰਾਓਲੰਪਿਕ ਨੋਡ’ ਨੂੰ ਖੇਡਾਂ ਦੇ ਪ੍ਰਚਾਰ ਅਤੇ ਵਿਕਾਸ ਵਿਚ ਪਾਏ ਗਏ ਮਹੱਤਵਪੂਰਨ ਯੋਗਦਾਨ ਲਈ ‘ਰਾਸ਼ਟਰੀ ਖੇਡ ਪ੍ਰੋਤਸਾਹਨ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਬਲਜੀਤ ਕੌਰ ਅਤੇ ਰਿਮੋ ਸਾਹਾ ਸਮੇਤ 4 ਵਿਅਕਤੀਆਂ ਨੂੰ ‘ਤੇਨਜ਼ਿੰਗ ਨੋਰਗੇ ਰਾਸ਼ਟਰੀ ਸਾਹਸੀ ਪੁਰਸਕਾਰ 2024’ ਨਾਲ ਸਨਮਾਨਿਤ ਕੀਤਾ ਗਿਆ।