ਨਾਗੋਆ, 29 ਸਤੰਬਰ (ਪੀ. ਟੀ. ਆਈ.)-ਜਪਾਨ ਦੇ ਆਈਚੀ-ਨਾਗੋਆ ਵਿਖੇ ਚੱਲ ਰਹੀਆਂ 20ਵੀਆਂ ਏਸ਼ਿਆਈ ਖੇਡਾਂ ਦੌਰਾਨ ਨੀਰੂ ਢਾਂਡਾ (26) ਨੇ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ। 10 ਦਿਨ ਪਹਿਲਾਂ ਫਲੂ ਕਾਰਨ ਹਸਪਤਾਲ ਵਿਚ ਦਾਖ਼ਲ ਰਹੀ ਨੀਰੂ ਔਰਤਾਂ ਦੇ ‘ਟਰੈਪ ਸ਼ੂਟਿੰਗ’ ਵਿਅਕਤੀਗਤ ਮੁਕਾਬਲੇ ਵਿਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ।ਦੂਜੇ ਪਾਸੇ, ਭਾਰਤ ਨੂੰ ਇਨ੍ਹਾਂ ਖੇਡਾਂ ’ਚ ਐਥਲੈਟਿਕਸ ਵਿਚ ਪਹਿਲਾ ਸੋਨ ਤਗਮਾ ਪ੍ਰਾਪਤ ਹੋਇਆ ਹੈ।ਭਾਰਤ ਦੀ ਝੋਲੀ ’ਚ ਇਹ ਤਗਮਾ ਔਰਤਾਂ ਦੀ 4x400 ਮੀਟਰ ਰਿਲੇਅ ਦੌੜ ਟੀਮ ਨੇ ਪਾਇਆ ਹੈ।ਹਰਿਆਣਾ ਦੇ ਜ਼ਿਲ੍ਹਾ ਜੀਂਦ ਦੀ ਵਾਸੀ ਨੀਰੂ ਢਾਂਡਾ ਨੇ ਕੁੱਲ 28 ਅੰਕ ਪ੍ਰਾਪਤ ਕਰਕੇ ਚੀਨੀ ਤਾਈਪੇ ਦੀ ਨਿਸ਼ਾਨੇਬਾਜ਼ ਲਿਊ ਵਾਨ-ਯੂ ਦੇ 24 ਅੰਕਾਂ ਦੇ ਸਕੋਰ ਨੂੰ ਪਿੱਛੇ ਛੱਡ ਦਿੱਤਾ। ਇਸ ਤੋਂ ਪਹਿਲਾਂ 5 ਭਾਰਤੀ ਪੁਰਸ਼ ਖਿਡਾਰੀ ਏਸ਼ੀਆਈ ਖੇਡਾਂ (ਏਸ਼ਿਆਡ) ਵਿਚ ਟਰੈਪ ਮੁਕਾਬਲੇ ਵਿਚ ਤਗਮੇ ਜਿੱਤ ਚੁੱਕੇ ਸਨ, ਜਿਨ੍ਹਾਂ ਵਿਚ ਰਣਧੀਰ ਸਿੰਘ ਨੇ 1978 ਵਿਚ ਸੋਨ ਤਗਮਾ ਜਿੱਤਿਆ ਸੀ ਪਰ ਕੋਈ ਵੀ ਭਾਰਤੀ ਮਹਿਲਾ ਇਸ ਮੁਕਾਬਲੇ ਵਿਚ ਜੇਤੂ ਮੰਚ (ਪੋਡੀਅਮ) ਤੱਕ ਨਹੀਂ ਪਹੁੰਚ ਸਕੀ ਸੀ। ਨੀਰੂ ਨੇ ਕੁੱਲ 28 ਅੰਕਾਂ ਨਾਲ ਏਸ਼ਿਆਈ ਰਿਕਾਰਡ ਵੀ ਤੋੜ ਦਿੱਤਾ। ਉਸ ਨੇ ਚੀਨੀ ਤਾਈਪੇ ਦੀ ਨਿਸ਼ਾਨੇਬਾਜ਼ ਲਿਊ ਵਾਨ-ਯੂ ਦੇ 24 ਅੰਕਾਂ ਦੇ ਸਕੋਰ ਨੂੰ ਪਿੱਛੇ ਛੱਡਿਆ, ਜੋ ਇਸ ਸਾਲ ਦੇ ਸ਼ੁਰੂ ਵਿਚ ਬਣਾਇਆ ਗਿਆ ਸੀ। ਚੀਨ ਦੀ ਯੂਨੋਂਗ ਸਨ ਨੇ 26 ਅੰਕਾਂ ਨਾਲ ਚਾਂਦੀ ਦਾ ਤਗਮਾ ਜਿੱਤਿਆ, ਜਦਕਿ ਕੁਵੈਤ ਦੀ ਹਾਜਰ ਅਬਦੁਲਮਾਲਿਕ ਨੇ 21 ਅੰਕਾਂ ਨਾਲ ਕਾਂਸੀ ਦਾ ਤਗਮਾ ਹਾਸਲ ਕੀਤਾ।ਪਹਿਲੇ 10 ਸ਼ਾਟਾਂ ਤੋਂ ਬਾਅਦ ਭਾਰਤੀ ਨਿਸ਼ਾਨੇਬਾਜ਼ ਕਤਰ ਦੀ ਰੇ ਬਾਸਿਲ ਨਾਲ ਸਾਂਝੇ ਤੌਰ ‘ਤੇ ਤੀਜੇ ਸਥਾਨ ‘ਤੇ ਸੀ, ਕਿਉਂਕਿ ਦੋਵਾਂ ਨੇ ਇਕ-ਇਕ ਨਿਸ਼ਾਨਾ ਖੁੰਝਾ ਦਿੱਤਾ ਸੀ। ਅਬਦੁਲਮਾਲਿਕ ਅਤੇ ਸਨ ਨੇ 10 ਵਿਚੋਂ 10 ਸਹੀ ਨਿਸ਼ਾਨੇ ਲਗਾ ਕੇ ਸੂਚੀ ਵਿਚ ਸਿਖਰਲਾ ਸਥਾਨ ਹਾਸਿਲ ਕੀਤਾ ਸੀ।ਇਸ ਤੋਂ ਬਾਅਦ ਨੀਰੂ ਨੇ ਆਪਣੇ ਅਗਲੇ ਪੰਜੇ ਨਿਸ਼ਾਨੇ ਸਹੀ ਲਗਾਏ ਅਤੇ ਅਬਦੁਲਮਾਲਿਕ ਤੇ ਸਨ ਦੇ ਨਾਲ ਸਾਂਝੇ ਤੌਰ ‘ਤੇ ਸਿਖਰਲੇ ਸਥਾਨ ‘ਤੇ ਪਹੁੰਚ ਗਈ। ਹਰਿਆਣਾ ਦੀ ਇਸ ਨਿਸ਼ਾਨੇਬਾਜ਼ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਅਗਲੇ ਦੌਰ ਵਿੱਚ ਵੀ ਪੰਜੇ ਨਿਸ਼ਾਨੇ ਸਹੀ ਲਗਾਏ, ਜਿਸ ਨਾਲ 10 ਸ਼ਾਟ ਬਾਕੀ ਰਹਿੰਦਿਆਂ ਉਸ ਨੇ ਦੋ ਅੰਕਾਂ ਦੀ ਬੜ੍ਹਤ ਬਣਾ ਲਈ। ਅੰਤ ਵਿਚ ਭਾਰਤੀ ਖਿਡਾਰਨ ਨੇ ਆਖਰੀ 10 ਸ਼ਾਟਾਂ ਵਿਚ ਸਿਰਫ਼ ਇਕ ਵਾਰ ਨਿਸ਼ਾਨਾ ਖੁੰਝਾਇਆ ਅਤੇ ਚੱਲ ਰਹੀਆਂ ਖੇਡਾਂ ਵਿਚ ਦੇਸ਼ ਲਈ 5ਵਾਂ ਸੋਨ ਤਗਮਾ ਪੱਕਾ ਕੀਤਾ।ਇਸ ਤੋਂ ਪਹਿਲਾਂ ਨੀਰੂ ਨੇ 118 ਹਿਟਸ ਦੇ ਨਾਲ ਕੁਆਲੀਫਿਕੇਸ਼ਨ ’ਚ ਟਾਪ ਕੀਤਾ ਸੀ, ਜਦੋਂਕਿ ਉਸ ਦੀਆਂ ਸਾਥੀ ਖਿਡਾਰਨਾਂ ਆਸ਼ੀਮਾ ਅਹਲਾਵਤ (106) ਅਤੇ ਮਨੀਸ਼ਾ ਕੌਰ (104) ਕ੍ਰਮਵਾਰ 16ਵੇਂ ਅਤੇ 23ਵੇਂ ਸਥਾਨ ’ਤੇ ਰਹੀਆਂ। ਇਨ੍ਹਾਂ ਤਿੰਨਾਂ ਨੇ ਮਿਲ ਕੇ ਟਰੈਪ ਐਂਡ ਫੀਲਡ ’ਚ ਚਾਂਦੀ ਦਾ ਤਗਮਾ ਜਿੱਤਿਆ। ਇਸ ਸਾਲ ਦੇ ਸ਼ੁਰੂ ਵਿਚ ਨੀਰੂ ਆਈ.ਐਸ.ਐਸ.ਐਫ. ਵਿਸ਼ਵ ਕੱਪ ਵਿਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਟ੍ਰੈਪ ਸ਼ੂਟਰ ਬਣੀ ਸੀ। ਉਸ ਨੇ ਲੋਨਾਟੋ ਵਿਚ ਇਹ ਉਪਲਬਧੀ ਹਾਸਿਲ ਕਰਦਿਆਂ ਇਕ ਨਵਾਂ ਕੌਮੀ ਰਿਕਾਰਡ ਵੀ ਬਣਾਇਆ। ਔਰਤਾਂ ਦੀ 4x400 ਮੀਟਰ ਰਿਲੇਅ ਦੌੜ ਵਿਚ ਕਿਰਨ, ਐਮ. ਪੂਵੰਮਾ, ਪ੍ਰਾਚੀ ਅਤੇ ਵਿਥਿਆ ਰਾਮਰਾਜ ਦੀ ਚੌਕੜੀ ਨੇ 3:29.69 ਦਾ ਸਮਾਂ ਕੱਢ ਕੇ ਪਹਿਲਾ ਸਥਾਨ ਹਾਸਿਲ ਕੀਤਾ। ਬਹਿਰੀਨ ਨੇ 3:30.21 ਦੇ ਸਮੇਂ ਨਾਲ ਚਾਂਦੀ ਦਾ ਤਗਮਾ ਜਿੱਤਿਆ, ਜਦਕਿ ਚੀਨ ਨੇ 3:31.02 ਦੇ ਸਮੇਂ ਨਾਲ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ। ਇਸ ਜਿੱਤ ਨਾਲ ਭਾਰਤ ਨੇ ਇਸ ਮੁਕਾਬਲੇ ਦੇ ਇਤਿਹਾਸ ਵਿਚ ਆਪਣਾ 7ਵਾਂ ਏਸ਼ਿਆਡ ਸੋਨ ਤਗਮਾ ਹਾਸਿਲ ਕੀਤਾ ਅਤੇ 1982 ਦੀਆਂ ਨਵੀਂ ਦਿੱਲੀ ਏਸ਼ੀਆਈ ਖੇਡਾਂ ਤੋਂ ਲੈ ਕੇ ਹਰ ਟੂਰਨਾਮੈਂਟ ਵਿਚ ਤਗਮਾ ਜਿੱਤਣ ਦਾ ਆਪਣਾ 44 ਸਾਲਾਂ ਦਾ ਸਿਲਸਿਲਾ ਬਰਕਰਾਰ ਰੱਖਿਆ। ਜ਼ਿਕਰਯੋਗ ਹੈ ਕਿ ਇਕ ਹਫ਼ਤੇ ਤੋਂ ਟਰੈਕ ਅਤੇ ਫੀਲਡ ’ਤੇ ਉਤਰੇ ਭਾਰਤ ਦੇ ਪੁਰਸ਼ ਅਤੇ ਮਹਿਲਾ ਖਿਡਾਰੀ ਜਿੱਤ ਦੇ ਨੇੜੇ ਪਹੁੰਚ ਕੇ ਵੀ ਅੰਤਿਮ ਪੜਾਅ ‘ਤੇ ਲੜਖੜਾਉਂਦੇ ਰਹੇ, ਜਿਸ ਕਾਰਨ ਪਿਛਲੇ 32 ਸਾਲਾਂ ਵਿਚ ਐਥਲੈਟਿਕਸ ’ਚ ਪਹਿਲੀ ਵਾਰ ਬਿਨਾਂ ਕਿਸੇ ਸੋਨ ਤਗਮੇ ਦੇ ਏਸ਼ਿਆਈ ਖੇਡਾਂ ਸਮਾਪਤ ਹੋਣ ਦਾ ਖਤਰਾ ਦਿਨ-ਬ-ਦਿਨ ਵਧਦਾ ਜਾ ਰਿਹਾ ਸੀ, ਜਿਸ ਦੀ ਲਾਜ ਚਾਰ ਮਹਿਲਾ ਖਿਡਾਰਨਾਂ ਨੇ 4x400 ਮੀਟਰ ਰਿਲੇਅ ਦੌੜ ਸੋਨ ਤਗਮਾ ਜਿੱਤ ਕੇ ਰੱਖ ਲਈ। ਦੇਸ਼ ਨੇ ਆਖਰੀ ਵਾਰ ਇਸ ਮੁਕਾਬਲੇ ਵਿਚ 2018 ਵਿੱਚ ਸੋਨ ਤਗਮਾ ਜਿੱਤਿਆ ਸੀ।ਇਹ ਵਿਥਿਆ ਦਾ ਇਨ੍ਹਾਂ ਖੇਡਾਂ ਵਿਚ ਤੀਜਾ ਤਗਮਾ ਸੀ, ਇਸ ਤੋਂ ਪਹਿਲਾਂ ਉਸ ਨੇ 400 ਮੀਟਰ ਅੜਿੱਕਾ ਦੌੜ ਵਿਚ ਕੌਮੀ ਰਿਕਾਰਡ ਤੋੜਦੇ ਹੋਏ ਕਾਂਸੀ ਦਾ ਤਗਮਾ ਅਤੇ ਮਿਸ਼ਰਤ 4x400 ਮੀਟਰ ਰਿਲੇਅ ਵਿਚ ਚਾਂਦੀ ਦਾ ਤਗਮਾ ਜਿੱਤਿਆ ਸੀ। ਇਹ ਚੱਲ ਰਹੀਆਂ ਖੇਡਾਂ ਵਿਚ ਭਾਰਤ ਦਾ 6ਵਾਂ ਸੋਨ ਤਗਮਾ ਹੈ,ਜਦੋਂਕਿ ਦਿਨ ਦਾ ਦੂਜਾ ਸੋਨ ਤਗਮਾ ਹੈ।