18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਛੱਤਬੀੜ ਚਿੜੀਆਘਰ 'ਚ ਸਫ਼ੇਦ ਮਾਦਾ ਬਾਘ ਦੀਆ ਦੀ ਮੌਤ, 13 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ

ਜ਼ੀਰਕਪੁਰ, 18 ਅਕਤੂਬਰ (ਹੈਪੀ ਪੰਡਵਾਲਾ) - ਛੱਤਬੀੜ ਚਿੜੀਆਘਰ 'ਚ ਚਿੱਟੀ ਮਾਦਾ ਬਾਘ ਦੀਆ ਦੀ ਅੱਜ ਸਵੇਰੇ ਮੌਤ ਹੋ ...

ਅਜੀਤ ਡੈਸਕ 18-10-2026
ਜ਼ੀਰਕਪੁਰ, 18 ਅਕਤੂਬਰ (ਹੈਪੀ ਪੰਡਵਾਲਾ) - ਛੱਤਬੀੜ ਚਿੜੀਆਘਰ 'ਚ ਚਿੱਟੀ ਮਾਦਾ ਬਾਘ ਦੀਆ ਦੀ ਅੱਜ ਸਵੇਰੇ ਮੌਤ ਹੋ ਗਈ। ਉਹ 13 ਸਾਲ ਦੋ ਮਹੀਨੇ ਤੇ  21 ਦਿਨਾਂ ਦੀ ਸੀ। ਦੀਆ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਚਿੜੀਆਘਰ ਸਟਾਫ਼ 'ਚ ਸੋਗ ਦੀ ਲਹਿਰ ਫੈਲ ਗਈ। ਚਿੜੀਆਘਰ ਪ੍ਰਬੰਧਕਾਂ ਅਤੇ ਸਿੱਖਿਆ ਅਧਿਕਾਰੀ ਹਰਪਾਲ ਸਿੰਘ ਅਨੁਸਾਰ ਦੀਆ ਦਾ ਜਨਮ 28 ਜੁਲਾਈ 2013 ਨੂੰ ਛੱਤਬੀੜ ਚਿੜੀਆਘਰ 'ਚ ਹੋਇਆ ਸੀ। ਉਹ ਚਿੱਟੇ ਬਾਘ ਲੱਕੀ ਤੇ ਡੌਲੀ ਦੀ ਸੰਤਾਨ ਸੀ।
 
ਚਿੜੀਆਘਰ ਪ੍ਰਬੰਧਕਾਂ ਮੁਤਾਬਕ ਦੀਆ ਲੰਮੇ ਸਮੇਂ ਤੱਕ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਰਹੀ। ਦੀਆ ਨੇ ਸਾਲ 2019 'ਚ ਤਿੰਨ ਬੱਚਿਆਂ ਅਰਜੁਨ, ਅਮਰ ਤੇ ਦਿਲਨੂਰ ਨੂੰ ਜਨਮ ਦਿੱਤਾ ਸੀ। ਇਨ੍ਹਾਂ 'ਚੋਂ ਅਰਜੁਨ ਛੱਤਬੀੜ ਚਿੜੀਆਘਰ 'ਚ ਹੀ ਹੈ, ਜਦਕਿ ਅਮਰ ਨੂੰ ਰੋਹਤਕ ਚਿੜੀਆਘਰ ਭੇਜ ਦਿੱਤਾ ਗਿਆ ਸੀ। ਅਰਜੁਨ ਨੇ ਵੀ ਅੱਗੇ ਮਾਦਾ ਬਾਘ ਗੌਰੀ ਨਾਲ ਪ੍ਰਜਨਨ ਪ੍ਰੋਗਰਾਮ 'ਚ ਯੋਗਦਾਨ ਪਾਇਆ। ਉਨ੍ਹਾਂ ਦੱਸਿਆ ਕਿ ਦੀਆ ਦੀ ਉਮਰ 13 ਸਾਲ ਤੋਂ ਵੱਧ ਸੀ ਜੋ ਕਿ ਬੰਦੀ ਹਾਲਤ 'ਚ ਚਿੱਟੇ ਬਾਘਾਂ ਦੀ ਆਮ ਤੌਰ ’ਤੇ ਦੱਸੀ ਜਾਂਦੀ 10 ਤੋਂ 12 ਸਾਲ ਦੀ ਔਸਤ ਉਮਰ ਤੋਂ ਵੱਧ ਹੈ।
 
ਦੀਆ ਦੀ ਮੌਤ ਤੋਂ ਬਾਅਦ ਉਸ ਦੀ ਦੇਖਭਾਲ ਕਰਨ ਵਾਲੇ ਕਰਮਚਾਰੀਆਂ, ਡਾਕਟਰਾਂ ਤੇ ਜੰਗਲੀ ਜੀਵ ਪ੍ਰੇਮੀਆਂ 'ਚ ਸੋਗ ਪਾਇਆ ਜਾ ਰਿਹਾ ਹੈ। ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪਸ਼ੂ ਪਾਲਣ ਅਤੇ ਵੈਟਰਨਰੀ ਵਿਗਿਆਨ ਯੂਨੀਵਰਸਿਟੀ ਗਡਵਾਸੂ, ਲੁਧਿਆਣਾ ਲਿਜਾਇਆ ਜਾ ਰਿਹਾ ਹੈ, ਜਿੱਥੇ ਡਾਕਟਰਾਂ ਦੇ ਪੈਨਲ ਵਲੋਂ ਪੋਸਟਮਾਰਟਮ ਕੀਤਾ ਜਾਵੇਗਾ। ਚਿੜੀਆਘਰ ਪ੍ਰਬੰਧਕਾਂ ਅਨੁਸਾਰ ਅੰਤਿਮ ਰਸਮਾਂ ਅਤੇ ਹੋਰ ਲੋੜੀਂਦੀਆਂ ਕਾਰਵਾਈਆਂ ਨਿਰਧਾਰਤ ਨਿਯਮਾਂ ਅਤੇ ਪ੍ਰੋਟੋਕੋਲ ਮੁਤਾਬਕ ਕੀਤੀਆਂ ਜਾ ਰਹੀਆਂ ਹਨ। ਹੁਣ ਛੱਤਬੀੜ ਚਿੜੀਆਘਰ 'ਚ ਬਾਘਾਂ ਦੀ ਗਿਣਤੀ ਦਰਜਨ ਦੇ ਕਰੀਬ ਹੈ, ਜਿਨ੍ਹਾਂ 'ਚ ਸਫੇਦ ਤੇ ਪੀਲ਼ੇ ਰੰਗ ਦੇ ਬਾਘ ਸ਼ਾਮਿਲ ਹਨ।
 
ਪਿਛਲੀ ਖ਼ਬਰ ਨਾਇਬ ਸਿੰਘ ਸੈਣੀ ਜਲੰਧਰ ਪਹੁੰਚੇ, ਭਗਵਾਨ ਵਾਲਮੀਕਿ ਆਸ਼ਰਮ ਵਿਖੇ ਟੇਕਿਆ ਮੱਥਾ ਅਗਲੀ ਖ਼ਬਰ ਲਹਿਰਾਗਾਗਾ ਸੜਕ ਹਾਦਸੇ ਵਿਚ ਪੰਜ ਔਰਤਾਂ ਦੀ ਦਰਦਨਾਕ ਮੌਤ