ਮੁਹਾਲੀ, 12 ਅਕਤੂਬਰ (ਕਪਿਲ ਵਧਵਾ) - ਆਮਦਨ ਕਰ ਵਿਭਾਗ ਦੀਆਂ ਟੀਮਾਂ ਨੇ ਸੋਮਵਾਰ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਸਥਿਤ ਇਕ ਨਿੱਜੀ ਹਸਪਤਾਲ ਦੀ ਚੇਨ ਤੇ ਛਾਪੇਮਾਰੀ ਕੀਤੀ। ਇਸੇ ਲੜੀ ਤਹਿਤ ਵਿਭਾਗ ਦੀਆਂ ਟੀਮਾਂ ਅੱਜ ਸਵੇਰੇ ਮੁਹਾਲੀ ਸਥਿਤ ਨਿੱਜੀ ਹਸਪਤਾਲ ਵਿਖੇ ਪਹੁੰਚੀਆਂ। ਇਸ ਤੋਂ ਇਲਾਵਾ ਪਟਿਆਲਾ ਅਤੇ ਬਠਿੰਡਾ ਸਥਿਤ ਉਸੇ ਹਸਪਤਾਲਾਂ ਦੀ ਬ੍ਰਾਂਚਾਂ ਵਿਖੇ ਵੀ ਜਾਂਚ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ ਸੋਮਵਾਰ ਨੂੰ ਗੁੜਗਾਓਂ ਤੋਂ ਹਰਿਆਣਾ ਨੰਬਰ ਵਾਲੀਆਂ ਗੱਡੀਆਂ ਵਿਚ ਵੱਖ-ਵੱਖ ਟੀਮਾਂ ਪੰਜਾਬ ਪਹੁੰਚੀਆਂ ਸਨ। ਟੀਮਾਂ ਨੇ ਸਥਾਨਕ ਪੁਲਿਸ ਦੀ ਮੌਜੂਦਗੀ ਵਿਚ ਹਸਪਤਾਲ ਦੇ ਵਿੱਤੀ ਦਸਤਾਵੇਜ਼ਾਂ ਅਤੇ ਹੋਰ ਰਿਕਾਰਡ ਦੀ ਜਾਂਚ ਕੀਤੀ। ਇਹ ਕਾਰਵਾਈ ਕਥਿਤ ਵਿੱਤੀ ਬੇਨਿਯਮੀਆਂ ਅਤੇ ਸਿਹਤ ਸਹੂਲਤਾਂ ਨਾਲ ਸਬੰਧਤ ਕਲੇਮਾਂ ਦੀ ਜਾਂਚ ਦੇ ਹਿੱਸੇ ਵਜੋਂ ਕੀਤੀ ਜਾ ਰਹੀ ਹੈ।
ਸ਼ੁਰੂਆਤ ਵਿਚ ਇਸ ਕਾਰਵਾਈ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਛਾਪੇਮਾਰੀ ਦੱਸਿਆ ਜਾ ਰਿਹਾ ਸੀ, ਪਰ ਸੈਕਟਰ-69 ਸਥਿਤ ਹਸਪਤਾਲ ਵਿਖੇ ਜਾਂਚ ਲਈ ਪਹੁੰਚੇ ਇਕ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਟੀਮ ਆਮਦਨ ਕਰ ਵਿਭਾਗ ਤੋਂ ਆਈ ਹੈ। ਅਧਿਕਾਰੀ ਅਨੁਸਾਰ ਵਿੱਤੀ ਬੇਨਿਯਮੀਆਂ ਤੋਂ ਇਲਾਵਾ ਸੂਬਾ ਅਤੇ ਕੇਂਦਰ ਸਰਕਾਰ ਦੀਆਂ ਸਿਹਤ ਸਹੂਲਤਾਂ ਤਹਿਤ ਕੀਤੇ ਜਾਂਦੇ ਕਲੇਮਾਂ ਸਬੰਧੀ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।