ਲਾਲੜੂ (ਮੋਹਾਲੀ), 11 ਸਤੰਬਰ (ਰਾਜਬੀਰ ਸਿੰਘ)- ਲਾਲੜੂ-ਦੱਪਰ ਰੇਲਵੇ ਸਟੇਸ਼ਨਾਂ ਦਰਮਿਆਨ ਪਿੰਡ ਲਾਲੜੂ ਵਿਖੇ ਸਥਿਤ ਰੇਲਵੇ ਅੰਡਰਪਾਸ ਨੰਬਰ 250/ਏ ਨੂੰ ਮੁਰੰਮਤ ਅਤੇ ਬਹਾਲੀ ਦੇ ਕੰਮਾਂ ਲਈ 24 ਦਿਨਾਂ ਵਾਸਤੇ ਆਰਜ਼ੀ ਤੌਰ 'ਤੇ ਬੰਦ ਕੀਤਾ ਜਾ ਰਿਹਾ ਹੈ। ਰੇਲਵੇ ਵਿਭਾਗ ਦੇ ਉੱਚ ਅਧਿਕਾਰੀ ਅਜੈ ਕੁਮਾਰ ਨੇ ਦੱਸਿਆ ਕਿ ਇਹ ਅੰਡਰਪਾਸ 18 ਸਤੰਬਰ ਤੋਂ 11 ਅਕਤੂਬਰ 2026 ਤੱਕ ਬੰਦ ਰਹੇਗਾ। ਸਬੰਧਿਤ ਵਿਭਾਗ ਵਲੋਂ ਜਾਰੀ ਜਾਣਕਾਰੀ ਅਨੁਸਾਰ ਅੰਡਰਪਾਸ ਦੀ ਸੜਕ ਦੀ ਸਤ੍ਹਾ ਕਾਫ਼ੀ ਖ਼ਰਾਬ ਹੋ ਚੁੱਕੀ ਹੈ ਅਤੇ ਇਸ ਦੀ ਹਾਲਤ ਖਸਤਾ ਬਣੀ ਹੋਈ ਹੈ।
ਇਸ ਤੋਂ ਇਲਾਵਾ ਜ਼ਮੀਨੀ ਪਾਣੀ ਦਾ ਪੱਧਰ ਉੱਚਾ ਹੋਣ ਕਾਰਨ ਸੜਕ ਦੀ ਸਤ੍ਹਾ ਦੇ ਜੋੜਾਂ ਵਿਚੋਂ ਪਾਣੀ ਰਿਸਣ ਦੀ ਸਮੱਸਿਆ ਵੀ ਸਾਹਮਣੇ ਆ ਰਹੀ ਹੈ, ਜਿਸ ਕਾਰਨ ਅੰਡਰਪਾਸ ਦੇ ਅੰਦਰ ਅਕਸਰ ਪਾਣੀ ਖੜ੍ਹਾ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਅੰਡਰਪਾਸ ਦੀ ਵਰਤੋਂ ਕਰਨ ਵਾਲੇ ਸਥਾਨਕ ਲੋਕਾਂ ਵਲੋਂ ਖ਼ਰਾਬ ਸੜਕ ਅਤੇ ਪਾਣੀ ਖੜ੍ਹੇ ਹੋਣ ਸਬੰਧੀ ਲਗਾਤਾਰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ।
ਇਸ ਕਾਰਨ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋਣ ਦੇ ਨਾਲ-ਨਾਲ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾਵਾਂ ਪੈਦਾ ਹੋ ਰਹੀਆਂ ਸਨ। ਇਨ੍ਹਾਂ ਸਮੱਸਿਆਵਾਂ ਦੇ ਸਥਾਈ ਹੱਲ ਲਈ ਅੰਡਰਪਾਸ ਦੀ ਜ਼ਰੂਰੀ ਮੁਰੰਮਤ ਅਤੇ ਬਹਾਲੀ ਦਾ ਕੰਮ ਕੀਤਾ ਜਾਣਾ ਹੈ। ਇਸ ਕਾਰਨ 18 ਸਤੰਬਰ ਤੋਂ 11 ਅਕਤੂਬਰ ਤੱਕ ਅੰਡਰਪਾਸ ਨੂੰ ਆਵਾਜਾਈ ਲਈ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਅਜੈ ਕੁਮਾਰ ਵਲੋਂ ਟ੍ਰੈਫ਼ਿਕ ਪੁਲਿਸ ਅਤੇ ਹੋਰ ਵਿਭਾਗਾਂ ਨੂੰ ਇਸ ਸਮੇਂ ਦੌਰਾਨ ਆਵਾਜਾਈ ਨੂੰ ਬਦਲਵੇਂ ਰਸਤਿਆਂ ਰਾਹੀਂ ਮੋੜਨ ਲਈ ਲੋੜੀਂਦੇ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਗਈ ਹੈ। ਲੋਕਾਂ ਨੂੰ ਵੀ ਅੰਡਰਪਾਸ ਬੰਦ ਰਹਿਣ ਦੌਰਾਨ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਅਤੇ ਪ੍ਰਸ਼ਾਸਨ ਵਲੋਂ ਜਾਰੀ ਟ੍ਰੈਫ਼ਿਕ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।