ਗੁਰੂ ਹਰ ਸਹਾਏ (ਫਿਰੋਜ਼ਪੁਰ), 11 ਸਤੰਬਰ (ਕਪਿਲ ਕੰਧਾਰੀ)- ਬਾਰ ਐਸੋਸੀਏਸ਼ਨ ਗੁਰੂ ਹਰ ਸਹਾਏ ਦੀਆਂ ਅੱਜ ਹੋਈਆਂ ਚੋਣਾਂ ਵਿਚ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਸੁਖਚੈਨ ਸਿੰਘ ਸੋਢੀ ਅਤੇ ਐਡਵੋਕੇਟ ਸੰਜੀਵ ਵੋਹਰਾ ਵਿਚਕਾਰ ਸਿੱਧਾ ਮੁਕਾਬਲਾ ਹੋਇਆ। ਚੋਣ ਦੌਰਾਨ ਕੁੱਲ 126 ਵੋਟਾਂ ਪਈਆਂ, ਜਿਨ੍ਹਾਂ ਵਿਚੋਂ ਸੁਖਚੈਨ ਸਿੰਘ ਸੋਢੀ ਨੂੰ 74 ਅਤੇ ਸੰਜੀਵ ਵੋਹਰਾ ਨੂੰ 52 ਵੋਟਾਂ ਪ੍ਰਾਪਤ ਹੋਈਆਂ।
ਇਸ ਤਰ੍ਹਾਂ ਸੁਖਚੈਨ ਸਿੰਘ ਸੋਢੀ 22 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਅਤੇ ਬਾਰ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਚੁਣੇ ਗਏ। ਵਾਈਸ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਬਲਕਾਰ ਕੰਬੋਜ਼ ਅਤੇ ਐਡਵੋਕੇਟ ਅਸ਼ੋਕ ਖਿੰਡਾ ਵਿਚਕਾਰ ਮੁਕਾਬਲਾ ਹੋਇਆ। ਬਲਕਾਰ ਕੰਬੋਜ਼ ਨੂੰ 72 ਵੋਟਾਂ, ਜਦਕਿ ਅਸ਼ੋਕ ਖਿੰਡਾ ਨੂੰ 54 ਵੋਟਾਂ ਮਿਲੀਆਂ। ਬਲਕਾਰ ਕੰਬੋਜ 18 ਵੋਟਾਂ ਦੇ ਫ਼ਰਕ ਨਾਲ ਵਾਈਸ ਪ੍ਰਧਾਨ ਚੁਣੇ ਗਏ।
ਇਸੇ ਤਰ੍ਹਾਂ ਸਕੱਤਰ ਦੇ ਅਹੁਦੇ ਲਈ ਐਡਵੋਕੇਟ ਹਰੀਸ਼ ਧਿੰਗੜਾ ਅਤੇ ਐਡਵੋਕੇਟ ਤੁਸ਼ੰਤ ਸਚਦੇਵਾ ਵਿਚਕਾਰ ਮੁਕਾਬਲਾ ਹੋਇਆ। ਹਰੀਸ਼ ਧਿੰਗੜਾ ਨੂੰ 72 ਅਤੇ ਤੁਸ਼ੰਤ ਸਚਦੇਵਾ ਨੂੰ 54 ਵੋਟਾਂ ਪ੍ਰਾਪਤ ਹੋਈਆਂ। ਇਸ ਦੇ ਚਲਦਿਆਂ ਹਰੀਸ਼ ਧਿੰਗੜਾ 18 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ।ਚੋਣਾਂ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਐਡਵੋਕੇਟ ਬੇਅੰਤ ਸਿੰਘ ਸੰਧੂ ਨੇ ਦੱਸਿਆ ਕਿ ਮੀਤ ਪ੍ਰਧਾਨ (ਮਹਿਲਾ ਰਿਜ਼ਰਵ) ਦੇ ਅਹੁਦੇ ਲਈ ਐਡਵੋਕੇਟ ਰੁਪਿੰਦਰ ਕੌਰ, ਜੁਆਇੰਟ ਸਕੱਤਰ ਦੇ ਅਹੁਦੇ ਲਈ ਐਡਵੋਕੇਟ ਜਸਵਿੰਦਰ ਸਿੰਘ ਵਿਲਾਸਰਾ, ਜੁਆਇੰਟ ਸਕੱਤਰ (ਮਹਿਲਾ ਰਿਜ਼ਰਵ) ਲਈ ਐਡਵੋਕੇਟ ਐਸ਼ਪ੍ਰੀਤ ਕੌਰ, ਕੈਸ਼ੀਅਰ ਦੇ ਅਹੁਦੇ ਲਈ ਐਡਵੋਕੇਟ ਹਰਸਰਨਜੀਤ ਸਿੰਘ ਅਤੇ ਐਗਜੈਕਟਿਵ ਮੈਂਬਰ ਦੇ ਅਹੁਦੇ ਲਈ ਐਡਵੋਕੇਟ ਆਰਜੂ ਕੰਬੋਜ ਬਿਨ੍ਹਾਂ ਮੁਕਾਬਲੇ ਪਹਿਲਾਂ ਹੀ ਜੇਤੂ ਐਲਾਨੇ ਜਾ ਚੁੱਕੇ ਹਨ ਚੋਣ ਨਤੀਜੇ ਐਲਾਨੇ ਜਾਣ ਤੋਂ ਬਾਅਦ ਬਾਰ ਐਸੋਸੀਏਸ਼ਨ ਦੇ ਵਕੀਲਾਂ ਵਲੋਂ ਨਵੇਂ ਚੁਣੇ ਗਏ ਪ੍ਰਧਾਨ, ਵਾਈਸ ਪ੍ਰਧਾਨ, ਸਕੱਤਰ ਅਤੇ ਹੋਰ ਅਹੁਦੇਦਾਰਾਂ ਨੂੰ ਹਾਰ ਪਾ ਕੇ ਅਤੇ ਮੂੰਹ ਮਿੱਠਾ ਕਰਵਾਉਂਦਿਆਂ ਵਧਾਈ ਦਿੱਤੀ ਗਈ।
ਇਸ ਮੌਕੇ ਜੇਤੂ ਅਹੁਦੇਦਾਰਾਂ ਨੇ ਸਾਥੀ ਵਕੀਲਾਂ ਦਾ ਧੰਨਵਾਦ ਕਰਦਿਆਂ ਬਾਰ ਐਸੋਸੀਏਸ਼ਨ ਦੀ ਬਿਹਤਰੀ ਅਤੇ ਵਕੀਲ ਭਾਈਚਾਰੇ ਦੇ ਹਿੱਤਾਂ ਲਈ ਮਿਲ ਕੇ ਕੰਮ ਕਰਨ ਦਾ ਭਰੋਸਾ ਦਿੱਤਾ।