ਸਨੌਰ (ਪਟਿਆਲਾ), 24 ਅਗਸਤ (ਮੋਹਣ ਸਿੰਘ ਭੱਟੀ)- ਥਾਣਾ ਸਨੌਰ ਅਧੀਨ ਪੈਂਦੇ ਪਿੰਡ ਦੀਵਾਨਵਾਲਾ ਨੇੜੇ ਇਕ ਤੇਜ਼ ਰਫ਼ਤਾਰ ਕਾਰ ਵਲੋਂ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦੇਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਨੇ ਮ੍ਰਿਤਕ ਦੇ ਚਾਚਾ ਦੇ ਬਿਆਨਾਂ ਦੇ ਆਧਾਰ 'ਤੇ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਵਾਲੇ ਕਾਰ ਚਾਲਕ ਵਿਰੁੱਧ ਭਾਰਤੀ ਨਿਆਂ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਬਲਦੇਵ ਸਿੰਘ ਪੁੱਤਰ ਖਜ਼ਾਨ ਸਿੰਘ ਵਾਸੀ ਪਿੰਡ ਉਦੈਪੁਰ ਦੀਵਾਨਵਾਲਾ (ਥਾਣਾ ਸਨੌਰ) ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ 22 ਅਗਸਤ ਨੂੰ ਰਾਤ ਕਰੀਬ 9 ਵਜੇ ਉਸ ਦਾ ਭਤੀਜਾ ਗੁਰਜਿੰਦਰ ਸਿੰਘ ਪੁੱਤਰ ਨੈਬ ਸਿੰਘ ਆਪਣੇ ਮੋਟਰਸਾਈਕਲ ਨੰਬਰ ਪੀਬੀ-11-ਡੀ ਪੀ-4973 'ਤੇ ਸਵਾਰ ਹੋ ਕੇ ਪਿੰਡ ਪਲਾਖਾ ਤੋਂ ਪਿੰਡ ਦੀਵਾਨਵਾਲਾ ਵੱਲ ਆ ਰਿਹਾ ਸੀ।
ਜਦੋਂ ਉਹ ਦੀਵਾਨਵਾਲਾ ਪਿੰਡ ਪਾਸ ਪੁੱਜਾ ਤਾਂ ਕਾਰ ਨੰਬਰ ਪੀਬੀ-11ਬੀ ਵਾਈ-1888 ਦੇ ਚਾਲਕ ਹਰਮੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਲਾਖਾ (ਥਾਣਾ ਸਨੌਰ) ਨੇ ਆਪਣੀ ਗੱਡੀ ਬੜੀ ਤੇਜ਼ ਰਫ਼ਤਾਰ ਅਤੇ ਅਣਗਹਿਲੀ ਨਾਲ ਲਿਆ ਕੇ ਗੁਰਜਿੰਦਰ ਸਿੰਘ ਦੇ ਮੋਟਰਸਾਈਕਲ ਵਿੱਚ ਮਾਰੀ। ਇਸ ਹਾਦਸੇ ਦੌਰਾਨ ਗੁਰਜਿੰਦਰ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦਾਖ਼ਲ ਕਰਵਾਇਆ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਮੌਤ ਹੋ ਗਈ। ਥਾਣਾ ਸਨੌਰ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਕਾਰ ਚਾਲਕ ਹਰਮੀਤ ਸਿੰਘ ਵਿਰੁੱਧ ਐਫ.ਆਈ.ਆਰ. ਨੰਬਰ 94 ਅਧੀਨ ਧਾਰਾ 106(1), 281 ਅਤੇ 324(4) ਭਾਰਤੀ ਨਿਆਂ ਸਹਿੰਤਾ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।