ਫਾਜ਼ਿਲਕਾ, 24 ਅਗਸਤ (ਪ੍ਰਦੀਪ ਕੁਮਾਰ)- ਫਾਜ਼ਿਲਕਾ ਨਗਰ ਕੌਂਸਲ ਦੀ ਨਵ-ਨਿਯੁਕਤ ਪ੍ਰਧਾਨ ਅਨੀਤਾ ਜੈਰਥ ਦੀ ਤਾਜਪੋਸ਼ੀ ਸਮਾਗਮ ਮੌਕੇ ਪਹੁੰਚੇ ਭਾਜਪਾ ਦੇ ਰਾਜ ਸਭਾ ਮੈਂਬਰ ਅਤੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ’ਤੇ ਤਿੱਖੇ ਸਿਆਸੀ ਹਮਲੇ ਕੀਤੇ। ਉਨ੍ਹਾਂ ਦੋਸ਼ ਲਗਾਇਆ ਕਿ ‘ਆਪ’ ਅਤੇ ਕਾਂਗਰਸ ਅੰਦਰਖਾਤੇ ਮਿਲੀਆਂ ਹੋਈਆਂ ਹਨ ਅਤੇ ਲੋਕ ਸਭਾ ਤੋਂ ਲੈ ਕੇ ਵਿਧਾਨ ਸਭਾ ਚੋਣਾਂ ਤੱਕ ਇਕ-ਦੂਜੇ ਨਾਲ ਮਿਲ ਕੇ ਚੋਣਾਂ ਲੜਦੀਆਂ ਹਨ।
ਚੁੱਘ ਨੇ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਪੰਜਾਬ ਦੀਆਂ ਸਾਰੀਆਂ 117 ਸੀਟਾਂ ’ਤੇ ਚੋਣ ਲੜੇਗੀ ਅਤੇ ਸੂਬੇ ਅੰਦਰ ਭਾਜਪਾ ਦੀ ‘ਸੁਨਾਮੀ’ ਆਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਅੰਦਰ ਭਾਜਪਾ ਹੀ ਪ੍ਰਭਾਵਸ਼ਾਲੀ ਵਿਰੋਧੀ ਧਿਰ ਦੀ ਭੂਮਿਕਾ ਨਿਭਾਅ ਰਹੀ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਦੋਸ਼ ਲਗਾਇਆ ਕਿ ਸਰਕਾਰ, ਅਫਸਰਸ਼ਾਹੀ ਅਤੇ ਪੁਲਿਸ ਤੰਤਰ ਨੂੰ ਭਾਜਪਾ ਨੂੰ ਪੰਜਾਬ ਵਿਚ ਅੱਗੇ ਵਧਣ ਤੋਂ ਰੋਕਣ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਟੁੱਟਣ ਦੀ ਧਰਤੀ ’ਤੇ ਖੜ੍ਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਪੰਜਾਬ ਅੰਦਰ ਭਾਜਪਾ ਦੀ ਵੱਡੀ ਸਿਆਸੀ ਲਹਿਰ ਦੇਖਣ ਨੂੰ ਮਿਲੇਗੀ।
ਕਾਂਗਰਸ ’ਤੇ 1937 ਦੀ ਸਿਆਸਤ ਨੂੰ ਲੈ ਕੇ ਨਿਸ਼ਾਨਾ
ਤਰੁਣ ਚੁੱਘ ਨੇ ਕਾਂਗਰਸ ਅਤੇ ਨਹਿਰੂ-ਗਾਂਧੀ ਪਰਿਵਾਰ ’ਤੇ ਵੀ ਤਿੱਖਾ ਹਮਲਾ ਕੀਤਾ। ਉਨ੍ਹਾਂ ਵੰਦੇ ਮਾਤਰਮ ਨੂੰ ਰਾਸ਼ਟਰੀ ਗੀਤ ਦੱਸਦਿਆਂ ਕਾਂਗਰਸ ’ਤੇ 1937 ਵਿਚ ਮੁਸਲਿਮ ਲੀਗ ਦੀ ਰਾਜਨੀਤੀ ਅੱਗੇ ਝੁਕਣ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਕਾਂਗਰਸ ‘ਦੋ ਰਾਸ਼ਟਰ’ ਦੇ ਸਿਧਾਂਤ ਤੇ ਚਲ਼ ਰਹੀ ਹੈਂ। ਚੁੱਘ ਨੇ ਦਾਅਵਾ ਕੀਤਾ ਕਿ 1937 ਵਿਚ ਜੇਕਰ ਕਾਂਗਰਸ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਮੁਹੰਮਦ ਅਲੀ ਜਿਨਾਹ ਦੀ ਕਥਿਤ ਬਲੈਕਮੇਲਿੰਗ ਨੂੰ ਸਵੀਕਾਰ ਨਾ ਕੀਤਾ ਹੁੰਦਾ ਤਾਂ ਦੇਸ਼ ਦੀ ਵੰਡ ਨਾ ਹੁੰਦੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਵੰਡ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਨੂੰ ਉਜਾੜੇ ਅਤੇ ਭਾਰੀ ਜਾਨੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ।
1984 ਦੇ ਦੰਗਿਆਂ ਨੂੰ ਲੈ ਕੇ ਕਾਂਗਰਸੀ ਆਗੂਆਂ ਤੋਂ ਮੰਗਿਆ ਜਵਾਬ
ਤਰੁਣ ਚੁੱਘ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦਾ ਮੁੱਦਾ ਚੁੱਕਦਿਆਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ। ਉਨ੍ਹਾਂ ਦੋਸ਼ ਲਗਾਇਆ ਕਿ 1984 ਦੌਰਾਨ ਦੇਸ਼ ਦੇ ਕਈ ਸ਼ਹਿਰਾਂ ਵਿਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਉਸ ਸਮੇਂ ਦੀ ਸਰਕਾਰ ਮੂਕਦਰਸ਼ਕ ਬਣੀ ਰਹੀ। ਚੁੱਘ ਨੇ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਸਮੇਤ ਦੰਗਿਆਂ ਨਾਲ ਜੁੜੇ ਆਗੂਆਂ ਬਾਰੇ ਕਾਂਗਰਸ ਤੋਂ ਸਪੱਸ਼ਟ ਸਟੈਂਡ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ 1984 ਦੀ ਤ੍ਰਾਸਦੀ ਨੂੰ ਭੁਲਾਇਆ ਨਹੀਂ ਜਾ ਸਕਦਾ ਅਤੇ ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਵਾਲੀ ਕਿਸੇ ਵੀ ਸਿਆਸਤ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਫਾਜ਼ਿਲਕਾ-ਅਬੋਹਰ ਤੋਂ ਭਾਜਪਾ ਦੇ ਉਭਾਰ ਦਾ ਕੀਤਾ ਦਾਅਵਾ
ਚੁੱਘ ਨੇ ਕਿਹਾ ਕਿ ਫਾਜ਼ਿਲਕਾ ਅਤੇ ਅਬੋਹਰ ਤੋਂ ਭਾਜਪਾ ਦੇ ਮਜ਼ਬੂਤ ਹੋਣ ਦੀ ਜੋ ਸ਼ੁਰੂਆਤ ਹੋਈ ਹੈ, ਉਹ ਆਉਣ ਵਾਲੇ ਸਮੇਂ ਵਿਚ ਪੂਰੇ ਪੰਜਾਬ ਅੰਦਰ ਵੱਡਾ ਸਿਆਸੀ ਬਦਲਾਅ ਲਿਆਵੇਗੀ। ਉਨ੍ਹਾਂ ਕਿਹਾ ਕਿ ਭਾਜਪਾ 117 ਸੀਟਾਂ ’ਤੇ ਚੋਣ ਲੜਨ ਲਈ ਤਿਆਰੀ ਕਰ ਰਹੀ ਹੈ। ਨਗਰ ਕੌਂਸਲ ਦੀ ਪ੍ਰਧਾਨ ਅਨੀਤਾ ਜੈਰਥ ਦੀ ਤਾਜਪੋਸ਼ੀ ਮੌਕੇ ਭਾਜਪਾ ਆਗੂਆਂ ਅਤੇ ਵਰਕਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਅਨੀਤਾ ਜੈਰਥ ਨੇ ਪਾਰਟੀ ਦੇ ਸੀਨੀਅਰ ਆਗੂਆਂ, ਵਰਕਰਾਂ ਅਤੇ ਫਾਜ਼ਿਲਕਾ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ, ਵਿਧਾਇਕ ਸੰਦੀਪ ਜਾਖੜ, ਜ਼ਿਲ੍ਹਾ ਭਾਜਪਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਸਨ।