ਮੋਟਰਸਾਇਕਲਾਂ ਦੀ ਸਿੱਧੀ ਟੱਕਰ ’ਚ ਇਕ ਨੌਜਵਾਨ ਦੀ ਮੌਤ,ਦੂਜਾ ਗੰਭੀਰ ਜ਼ਖਮੀ
ਸੁਨਾਮ ਊਧਮ ਸਿੰਘ ਵਾਲਾ, (ਸੰਗਰੂਰ), 24 ਜੂਨ (ਭੁੱਲਰ,ਧਾਲੀਵਾਲ)- ਬੀਤੀ ਰਾਤ ਸਥਾਨਕ ਪੁਲ ਹੇਠ ਦੋ ਮੋਟਰਸਾਇਕਲਾਂ ਦੀ ਹੋਈ ਸਿੱਧੀ ਟੱਕਰ ਵਿਚ ਇਕ ਨੌਜਵਾਨ ਦੀ ਮੌਤ ਅਤੇ ਦੂਜੇ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ।ਪੁਲਿਸ ਥਾਣਾ ਸ਼ਹਿਰੀ ਸੁਨਾਮ ਊਧਮ ਸਿੰਘ ਵਾਲਾ ਦੇ ਸਹਾਇਕ ਥਾਣੇਦਾਰ ਉਂਕਾਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਪੌਣੇ ਕੁ ਗਿਆਰਾਂ ਵਜੇ ਨੇੜਲੇ ਪਿੰਡ ਸ਼ੇਰੋਂ ਦਾ ਨੌਜਵਾਨ ਅਰਸ਼ਦੀਪ ਸਿੰਘ ਆਪਣੇ ਇਕ ਦੋਸਤ ਨਾਲ ਮੋਟਰਸਾਇਕਲ ’ਤੇ ਅੰਮ੍ਰਿਤਸਰ ਸਾਹਿਬ ਤੋਂ ਆ ਰਹੇ ਦੋਸਤ ਨੂੰ ਲੈਣ ਲਈ ਫਲਾਈ ਓਵਰ ਬ੍ਰਿਜ ਹੇਠ ਦੀ ਸੁਨਾਮ ਰੇਲਵੇ ਸਟੇਸ਼ਨ ’ਤੇ ਜਾ ਰਿਹਾ ਸੀ।ਇਸ ਦੌਰਾਨ ਅੱਗਿਉਂ ਆ ਰਹੇ ਤਿੰਨ ਨੌਜਵਾਨਾਂ ਦੇ ਮੋਟਰਸਾਇਕਲ ਦਾ ਅਚਾਨਕ ਸੰਤੁਲਨ ਵਿਗੜਨ ਕਾਰਨ ਆਪਸ ਵਿਚ ਦੋਵੇਂ ਮੋਟਰਸਾਇਕਲਾਂ ਦੀ ਸਿੱਧੀ ਟੱਕਰ ਹੋ ਗਈ। ਇਸ ਵਿਚ ਨੌਜਵਾਨ ਅਰਸ਼ਦੀਪ ਸਿੰਘ (21) ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਸ਼ੇਰੋਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਅੱਗਿਉਂ ਆ ਰਿਹਾ ਮੋਟਰਸਾਇਕਲ ਸਵਾਰ ਗੁਰਵਿੰਦਰ ਸਿੰਘ ਪੁੱਤਰ ਸਿਉਪਾਲ ਸਿੰਘ ਪਿੰਡ ਨਮੋਲ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਸੁਨਾਮ ਦਾਖਲ ਕਰਵਾਇਆ ਗਿਆ। ਜਿਥੇ ਡਾਕਟਰ ਵਲੋਂ ਉਸ ਦੀ ਹਾਲਤ ਨਾਜ਼ੁਕ ਵੇਖਦੇ ਹੋਏ ਇਲਾਜ ਲਈ ਪਟਿਆਲਾ ਭੇਜ ਦਿੱਤਾ ਗਿਆ। ਸਹਾਇਕ ਥਾਣੇਦਾਰ ਉਂਕਾਰ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਮ੍ਰਿਤਕ ਨੌਜਵਾਨ ਦੇ ਪਿਤਾ ਕੁਲਵੰਤ ਸਿੰਘ ਦੇ ਬਿਆਨਾਂ ’ਤੇ ਬੀ. ਐਨ. ਐਸ. ਐਸ. ਦੀ ਧਾਰਾ 194 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਅਤੇ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।
;
;
;
;
;
;
;
;