ਡੇਰਾਬੱਸੀ ਬੱਸ ਅੱਡੇ ਤੋਂ ਫਟਿਆ ਤਿਰੰਗਾ ਉਤਾਰਿਆ
ਡੇਰਾਬੱਸੀ, 22 ਜੂਨ- ਡੇਰਾਬੱਸੀ ਬੱਸ ਅੱਡੇ ’ਤੇ ਲਹਿਰਾ ਰਹੇ ਫਟੇ ਤਿਰੰਗੇ ਸਬੰਧੀ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿਚ ਆ ਗਿਆ। ਨਗਰ ਕੌਂਸਲ ਵਲੋਂ ਬੱਸ ਅੱਡੇ ’ਤੇ ਲੱਗਾ ਫਟਿਆ ਰਾਸ਼ਟਰੀ ਝੰਡਾ ਉਤਾਰ ਦਿੱਤਾ ਗਿਆ। ਹਾਲਾਂਕਿ, ਝੰਡਾ ਉਤਾਰਣ ਦੇ ਢੰਗ ਨੂੰ ਲੈ ਕੇ ਹੁਣ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਫਟਿਆ ਤਿਰੰਗਾ ਤਾਂ ਉਤਾਰ ਦਿੱਤਾ ਗਿਆ, ਪਰ ਉਸ ਨੂੰ ਰਾਸ਼ਟਰੀ ਝੰਡੇ ਦੇ ਸਨਮਾਨ ਅਨੁਸਾਰ ਸੰਭਾਲਿਆ ਨਹੀਂ ਗਿਆ। ਲੋਕਾਂ ਮੁਤਾਬਕ ਝੰਡੇ ਨੂੰ ਨਿਯਮਤ ਤਰੀਕੇ ਨਾਲ ਮੋੜ ਕੇ ਸਤਿਕਾਰ ਸਹਿਤ ਲਿਜਾਣ ਦੀ ਬਜਾਏ ਜਲਦੀਬਾਜ਼ੀ ਵਿਚ ਗੋਦੀ ਵਿਚ ਚੁੱਕ ਕੇ ਲਿਜਾਇਆ ਗਿਆ। ਲੋਕਾਂ ਨੇ ਕਿਹਾ ਕਿ ਰਾਸ਼ਟਰੀ ਝੰਡਾ ਦੇਸ਼ ਦੀ ਆਨ, ਬਾਨ ਅਤੇ ਸ਼ਾਨ ਦਾ ਪ੍ਰਤੀਕ ਹੈ ਅਤੇ ਇਸ ਨਾਲ ਜੁੜੀ ਹਰ ਕਾਰਵਾਈ ਪੂਰੇ ਸਤਿਕਾਰ ਨਾਲ ਹੋਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਡੇਰਾਬੱਸੀ ਬੱਸ ਅੱਡੇ ’ਤੇ ਲੱਗਾ ਤਿਰੰਗਾ ਕਈ ਥਾਵਾਂ ਤੋਂ ਫਟਿਆ ਹੋਇਆ ਸੀ, ਜਿਸ ਕਾਰਨ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਸੀ। ਇਸ ਮਾਮਲੇ ਨੂੰ ਉਭਾਰੇ ਜਾਣ ਤੋਂ ਬਾਅਦ ਨਗਰ ਕੌਂਸਲ ਨੇ ਝੰਡਾ ਹਟਾਉਣ ਦੀ ਕਾਰਵਾਈ ਕੀਤੀ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹੁਣ ਨਵਾਂ ਤਿਰੰਗਾ ਤੁਰੰਤ ਲਗਾਇਆ ਜਾਵੇ ਅਤੇ ਭਵਿੱਖ ਵਿਚ ਰਾਸ਼ਟਰੀ ਝੰਡੇ ਦੀ ਦੇਖਭਾਲ ਲਈ ਜ਼ਿੰਮੇਵਾਰ ਅਧਿਕਾਰੀ ਨਿਯੁਕਤ ਕੀਤਾ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਡੇਰਾਬੱਸੀ ਹੀ ਨਹੀਂ, ਲਾਲੜੂ ਨਗਰ ਕੌਂਸਲ ਵਿੱਚ ਲੱਗੇ ਤਿਰੰਗੇ ਦੀ ਹਾਲਤ ਬਾਰੇ ਵੀ ਪ੍ਰਸ਼ਾਸਨ ਨੂੰ ਤੁਰੰਤ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਕਿਤੇ ਵੀ ਰਾਸ਼ਟਰੀ ਝੰਡੇ ਦੀ ਬੇਅਦਬੀ ਵਰਗੀ ਸਥਿਤੀ ਨਾ ਬਣੇ।
;
;
;
;
;
;
;
;