ਕਿਸਾਨਾਂ ਨੇ ਸਰਕਾਰੀ ਹਸਪਤਾਲ ਲੋਪੋਕੇ ਘੇਰਿਆ, ਜੰਮ ਕੇ ਕੀਤੀ ਨਾਅਰੇਬਾਜ਼ੀ
ਚੋਗਾਵਾਂ/ਅੰਮ੍ਰਿਤਸਰ, 22 ਜੂਨ (ਗੁਰਵਿੰਦਰ ਸਿੰਘ ਕਲਸੀ)- ਸਰਕਾਰੀ ਹਸਪਤਾਲ ਲੋਪੋਕੇ ਵਲੋਂ ਨਜਾਇਜ਼ ਸੱਟਾਂ ਦਾ ਰਿਜ਼ਲਟ ਦੇਣ ਦੇ ਵਿਰੋਧ ਵਿਚ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਚੋਗਾਵਾਂ ਦੇ ਪ੍ਰਧਾਨ ਸ਼ਰਨਪਾਲ ਸਿੰਘ ਬੱਚੀਵਿੰਡ, ਜੋਨ ਲੋਪੋਕੇ ਦੇ ਪ੍ਰਧਾਨ ਗੁਰਲਾਲ ਸਿੰਘ ਕੱਕੜ ਦੀ ਅਗਵਾਈ ਹੇਠ ਕਿਸਾਨਾਂ ਨੇ ਹਸਪਤਾਲ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜ਼ਿਲ੍ਹਾ ਆਗੂ ਕਲੇਰ ਬਾਲਾ, ਲਖਵਿੰਦਰ ਸਿੰਘ ਡਾਲਾ, ਜਸਮੀਤ ਸਿੰਘ ਰਾਣੀਆ, ਕੁਲਬੀਰ ਸਿੰਘ ਲੋਪੋਕੇ, ਪ੍ਰਧਾਨ ਪ੍ਰਗਟ ਸਿੰਘ, ਹਰਜੀਤ ਸਿੰਘ ਸ਼ਹੂਰਾ, ਮਿਹਰਪਾਲ ਸਿੰਘ ਆਦਿ ਨੇ ਦੱਸਿਆ ਕਿ ਬੀਤੇ ਦਿਨੀ ਪਿੰਡ ਧਨੋਏ ਕਲਾਂ ਵਿਖੇ ਦੋ ਧਿਰਾਂ ਵਿਚਕਾਰ ਮਾਮੂਲੀ ਤਕਰਾਰ ਨੂੰ ਲੈ ਕੇ ਝਗੜਾ ਹੋਇਆ।
ਜਿਸ ਵਿਚ ਜਰਨੈਲ ਸਿੰਘ, ਹਰੀ ਸਿੰਘ, ਗੁਰਲਾਲ ਸਿੰਘ, ਧਾਰਾ ਸਿੰਘ ਤੇ ਸਰਬਜੀਤ ਕੌਰ ਨੂੰ ਗੰਭੀਰ ਸੱਟਾਂ ਲਗਾ ਦਿੱਤੀਆਂ ਗਈਆਂ। ਦੂਜੀ ਧਿਰ ਨੇ ਨਜਾਇਜ਼ ਸੱਟਾਂ ਲਗਾ ਲਈਆਂ। ਹੁਣ ਸਰਕਾਰੀ ਹਸਪਤਾਲ ਲੋਪੋਕੇ ਵਲੋਂ ਦੂਜੀ ਧਿਰ ਨੂੰ ਨਜਾਇਜ਼ ਰਿਜ਼ਲਟ ਦੇ ਦਿੱਤਾ। ਪਹਿਲੀ ਧਿਰ ਨੂੰ ਰਿਜ਼ਲਟ ਦੇਣ ਵਿਚ ਦੇਰੀ ਕੀਤੀ। ਇਸ ਸਬੰਧੀ ਅਸੀਂ ਐਸ.ਐਮ.ਓ. ਲੋਪੋਕੇ ਨੂੰ ਜਾਣੂੰ ਵੀ ਕਰਵਾਇਆ।
ਸਿਆਸੀ ਸ਼ਹਿ ਤੇ ਪ੍ਰਸ਼ਾਸਨ ਵਲੋਂ ਪਹਿਲੀ ਧਿਰ ਨੂੰ ਦਬਾਇਆ ਜਾ ਰਿਹਾ ਹੈ। ਜਿਸ ਦੇ ਵਿਰੋਧ ਵਿਚ ਹਸਪਤਾਲ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਪਰਮਿੰਦਰ ਸਿੰਘ ਚੋਗਾਵਾਂ, ਮੇਜਰ ਸਿੰਘ, ਬਿਕਰ ਸਿੰਘ, ਮੁਖਤਾਰ ਸਿੰਘ, ਬਲਦੇਵ ਸਿੰਘ ਓਡਰ, ਸੁਖਵਿੰਦਰ ਸਿੰਘ, ਲਵਪ੍ਰੀਤ ਸਿੰਘ ਓਡਰ, ਰਘੁਬੀਰ ਸਿੰਘ ਚੋਗਾਵਾਂ ਆਦਿ ਕਿਸਾਨ ਹਾਜ਼ਰ ਸਨ।
;
;
;
;
;
;
;
;