ਵਿਆਹ ਸਮਾਗਮ ਦੌਰਾਨ ਆਪਸ 'ਚ ਭਿੜੀਆਂ ਦੋ ਧਿਰਾਂ, ਦੋ ਨੌਜਵਾਨ ਗੰਭੀਰ ਜ਼ਖ਼ਮੀ
ਕਪੂਰਥਲਾ, 20 ਜੂਨ (ਅਮਨਜੋਤ ਸਿੰਘ ਵਾਲੀਆ) - ਮਾਡਲ ਟਾਊਨ ਸਿਟੀ ਹਾਲ ਦੇ ਨੇੜੇ ਗਲੀ ਵਿਚ ਵਿਆਹ ਸਮਾਗਮ ਵਿਚ ਹੋਈ ਦੋ ਧਿਰਾਂ ਦੀ ਲੜ੍ਹਾਈ ਵਿਚ ਦੋ ਨੌਜਵਾਨ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਥਾਣਾ ਸਿਟੀ ਦੇ ਐਸ.ਐਚ.ਓ. ਅਤੇ ਪਰਿਵਾਰਿਕ ਮੈਂਬਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ । ਜੇਰੇ ਇਲਾਜ ਮਨਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਦੇਵਲਾਂਵਾਲ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰ ਦੇ ਵਿਆਹ ਸਮਾਗਮ ਵਿਚ ਆਇਆ ਸੀ, ਜਿੱਥੇ ਡੀ.ਜੇ. ਵਿਚ ਬੀਤੀ ਰਾਤ ਮਾਮੂਲੀ ਤਕਰਾਰ ਹੋਇਆ ਤੇ ਪਰਿਵਾਰਿਕ ਮੈਂਬਰਾਂ ਨੇ ਰਾਜੀਨਾਮਾ ਕਰਵਾ ਦਿੱਤਾ। ਇਸ ਤੋਂ ਬਾਅਦ ਅੱਜ ਵਿਆਹ ਵਿਚ ਸਾਹਿਲ ਅਤੇ ਉਸ ਦੇ ਕੁੱਝ ਸਾਥੀਆਂ ਨੇ ਮੇਰੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਵਿਚ ਮੈਂ ਜਖ਼ਮੀ ਹੋ ਗਿਆ । ਇਸੇ ਤਰ੍ਹਾਂ ਦੂਸਰੀ ਧਿਰ ਦੇ ਸਾਹਿਲ ਪੁੱਤਰ ਸੁਖਵਿੰਦਰ ਵਾਸੀ ਸਾਬੂਵਾਲ ਨੇ ਦੱਸਿਆ ਕਿ ਉਹ ਆਪਣੇ ਕਿਸੇ ਸਾਥੀ ਨਾਲ ਵਿਆਹ ਸਮਾਗਮ ਵਿਚ ਆਇਆ ਸੀ, ਜਿਥੇ ਉਸ ਦਾ ਮਨਪ੍ਰੀਤ ਸਿੰਘ ਅਤੇ ਉਸ ਦੇ ਸਾਥੀਆਂ ਨਾਲ ਝਗੜਾ ਹੋ ਗਿਆ ਅਤੇ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਮੇਰੇ 'ਤੇ ਹਮਲਾ ਕਰਕੇ ਮੈਨੰ ਗੰਭੀਰ ਜ਼ਖ਼ਮੀ ਕਰ ਦਿੱਤਾ। ਦੋਵਾਂ ਨੂੰ ਸਿਵਲ ਹਸਪਤਾਲ ਐਮਰਜੈਂਸੀ ਵਿਚ ਦਾਖ਼ਲ ਕਰਵਾਇਆ ਗਿਆ, ਜਿਥੇ ਡਿਊਟੀ ਡਾਕਟਰ ਵਿਜੇ ਵਲੋਂ ਦੋਵਾਂ ਦਾ ਇਲਾਜ ਜਾਰੀ ਹੈ। ਸਾਹਿਲ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਉਸ ਨੂੰ ਮੁੱਢਲੇ ਇਲਾਜ ਤੋਂ ਬਾਅਦ ਮੈਡੀਕਲ ਕਾਲਜ ਅੰਮਿ੍ਤਸਰ ਰੈਫਰ ਕਰ ਦਿੱਤਾ ਗਿਆ ਹੈ ਅਤੇ ਦੋਵਾਂ ਦੀ ਐਮ.ਐਲ.ਆਰ. ਕੱਟ ਕੇ ਥਾਣਾ ਸਿਟੀ ਨੂੰ ਭੇਜ ਦਿੱਤੀ ਗਈ ਹੈ । ਮੌਕੇ 'ਤੇ ਪਹੁੰਚੇ ਥਾਣਾ ਸਿਟੀ ਦੇ ਐਸ.ਐਚ.ਓ. ਅਮਨਦੀਪ ਨਾਹਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਸਿਟੀ ਹਾਲ ਦੀ ਬੈਕਸਾਈਡ 'ਤੇ ਇਕ ਘਰ ਵਿਚ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਹੈ, ਜਿਥੇ ਦੋ ਧਿਰਾਂ ਦੀ ਲੜ੍ਹਾਈ ਹੋ ਗਈ ਹੈ, ਜਿਸ ਵਿਚ ਸਾਹਿਲ ਗੰਭੀਰ ਜ਼ਖ਼ਮੀ ਹੋਇਆ ਹੈ ਅਤੇ ਮਨਪ੍ਰੀਤ ਦੇ ਵੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤੇ ਇਨ੍ਹਾਂ ਦੇ ਬਿਆਨਾਂ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ ।
;
;
;
;
;
;
;
;