ਅਟਾਰੀ-ਵਾਘਾ ਸਰਹੱਦ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਅਮਨ ਦਾ ਸੁਨੇਹਾ, ਅਮਰੀਕਾ ਤੇ ਪਾਕਿਸਤਾਨ ਦਾ ਕੀਤਾ ਧੰਨਵਾਦ
ਅਟਾਰੀ, (ਅੰਮ੍ਰਿਤਸਰ) 20 ਜੂਨ:(ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)- ਅਟਾਰੀ-ਵਾਹਗਾ ਸਰਹੱਦ 'ਤੇ ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਪਾਲ ਸਿੰਘ ਬਲੇਰ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਅਪੀਲ ਕੀਤੀ ਗਈ, ਜਿਸ ਵਿੱਚ ਵਿਸ਼ਵ ਭਰ ਵਿੱਚ ਅਮਨ ਅਤੇ ਸਥਿਰਤਾ ਕਾਇਮ ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਪਾਰਟੀ ਆਗੂਆਂ ਨੇ ਕਿਹਾ ਕਿ ਜੰਗ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦੀ, ਸਗੋਂ ਇਸ ਦਾ ਸਭ ਤੋਂ ਵੱਡਾ ਨੁਕਸਾਨ ਆਮ ਲੋਕਾਂ, ਕਿਸਾਨਾਂ, ਮਜ਼ਦੂਰਾਂ ਅਤੇ ਗਰੀਬ ਵਰਗ ਨੂੰ ਝੱਲਣਾ ਪੈਂਦਾ ਹੈ।
ਪਾਰਟੀ ਵੱਲੋਂ ਜਾਰੀ ਕੀਤੀ ਗਈ ਅਪੀਲ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਮੱਧ ਪੂਰਬ ਵਿੱਚ ਵਧ ਰਹੇ ਜੰਗੀ ਤਣਾਅ ਨੂੰ ਘਟਾਉਣ ਅਤੇ ਅਮਨ ਦੀਆਂ ਕੋਸ਼ਿਸ਼ਾਂ ਨੂੰ ਮਜ਼ਬੂਤ ਕਰਨ ਲਈ ਆਪਣੀ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਜੰਗੀ ਟਕਰਾਅ ਹੋਰ ਵਧਦਾ ਤਾਂ ਇਸ ਦਾ ਸਿੱਧਾ ਪ੍ਰਭਾਵ ਦੁਨੀਆ ਭਰ ਦੀ ਅਰਥ ਵਿਵਸਥਾ 'ਤੇ ਪੈਂਦਾ ਅਤੇ ਤੇਲ, ਗੈਸ, ਆਵਾਜਾਈ ਅਤੇ ਹੋਰ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋ ਸਕਦਾ ਸੀ, ਜਿਸ ਦਾ ਸਭ ਤੋਂ ਵੱਧ ਬੋਝ ਭਾਰਤ ਦੇ ਗਰੀਬ ਅਤੇ ਮੱਧ ਵਰਗ ਦੇ ਲੋਕਾਂ 'ਤੇ ਪੈਂਣਾ ਸੀ।ਇਮਾਨ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਦਾ ਰਾਹ ਜੰਗਾਂ ਵਿੱਚ ਨਹੀਂ, ਸਗੋਂ ਅਮਨ, ਵਪਾਰ ਅਤੇ ਆਪਸੀ ਸਹਿਯੋਗ ਵਿੱਚ ਹੈ।
ਉਨ੍ਹਾਂ ਕਿਹਾ ਕਿ ਜਦੋਂ ਵੀ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅ ਪੈਦਾ ਹੁੰਦਾ ਹੈ ਤਾਂ ਇਸ ਦੀ ਸਭ ਤੋਂ ਵੱਡੀ ਕੀਮਤ ਦੋਵਾਂ ਪਾਸਿਆਂ ਦੇ ਪੰਜਾਬੀਆਂ ਨੂੰ ਚੁਕਾਉਣੀ ਪੈਂਦੀ ਹੈ। ਸਰਹੱਦੀ ਇਲਾਕਿਆਂ ਵਿੱਚ ਵਪਾਰਕ ਗਤੀਵਿਧੀਆਂ ਪ੍ਰਭਾਵਿਤ ਹੁੰਦੀਆਂ ਹਨ, ਨਿਵੇਸ਼ ਘਟਦਾ ਹੈ ਅਤੇ ਵਿਕਾਸ ਦੇ ਮੌਕੇ ਰੁਕ ਜਾਂਦੇ ਹਨ। ਇਸ ਦੇ ਉਲਟ ਜੇਕਰ ਖੇਤਰ ਵਿੱਚ ਅਮਨ ਅਤੇ ਸਥਿਰਤਾ ਹੋਵੇ ਤਾਂ ਪੰਜਾਬ ਦੁਬਾਰਾ ਦੱਖਣੀ ਏਸ਼ੀਆ ਅਤੇ ਮੱਧ ਏਸ਼ੀਆ ਦੇ ਦੇਸ਼ਾਂ ਵਿਚਕਾਰ ਵਪਾਰਕ ਦਰਵਾਜ਼ੇ ਵਜੋਂ ਆਪਣੀ ਅਹਿਮ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਟਾਰੀ-ਵਾਹਗਾ ਸਰਹੱਦ ਰਾਹੀਂ ਵਪਾਰ ਨੂੰ ਹੋਰ ਉਤਸ਼ਾਹਿਤ ਕਰਨ ਨਾਲ ਆਵਾਜਾਈ, ਖੇਤੀਬਾੜੀ, ਉਦਯੋਗ, ਗੋਦਾਮਬੰਦੀ ਅਤੇ ਛੋਟੇ ਕਾਰੋਬਾਰਾਂ ਵਿਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋ ਸਕਦੇ ਹਨ। ਇਸ ਨਾਲ ਪੰਜਾਬ ਦੀ ਆਰਥਿਕਤਾ ਨੂੰ ਵੀ ਨਵੀਂ ਤਾਕਤ ਮਿਲੇਗੀ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹ ਖੁੱਲ੍ਹਣਗੇ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਖੇਤਰ ਵਿਚ ਅਮਨ ਬਣਾਈ ਰੱਖਣ।
ਪਾਰਟੀ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਨੂੰ ਆਪਣੇ ਵਿਵਾਦ ਗੱਲਬਾਤ, ਆਪਸੀ ਸਤਿਕਾਰ ਅਤੇ ਸਹਿਯੋਗ ਰਾਹੀਂ ਹੱਲ ਕਰਨੇ ਚਾਹੀਦੇ ਹਨ, ਕਿਉਂਕਿ ਅਮਨ ਹੀ ਖੁਸ਼ਹਾਲੀ ਅਤੇ ਲੋਕ ਭਲਾਈ ਦਾ ਆਧਾਰ ਹੈ। ਅਪੀਲ ਦੇ ਅੰਤ ਵਿੱਚ ਪਾਰਟੀ ਆਗੂਆਂ ਨੇ ਕਿਹਾ ਕਿ ਪੰਜਾਬ ਨੂੰ ਜੰਗ ਦੀ ਸਰਹੱਦ ਨਹੀਂ, ਸਗੋਂ ਵਪਾਰ, ਉਦਯੋਗ, ਊਰਜਾ ਅਤੇ ਖੁਸ਼ਹਾਲੀ ਦਾ ਦਰਵਾਜ਼ਾ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਟਕਰਾਅ ਦਾ ਨਹੀਂ, ਸਗੋਂ ਅਮਨ, ਤਰੱਕੀ ਅਤੇ ਮਨੁੱਖੀ ਭਲਾਈ ਦਾ ਹੈ। ਇਸ ਮੌਕੇ ਅਮਰੀਕ ਸਿੰਘ ਨੰਗਲ, ਸ਼ਮਸ਼ੇਰ ਸਿੰਘ ਬਰਾੜ, ਹਰਜੀਤ ਸਿੰਘ ਮੀਆਪੁਰ, ਦਲਜੀਤ ਸਿੰਘ ਬਾਜਵਾ, ਹਰਮਨਦੀਪ ਸਿੰਘ ਸੁਲਤਾਨਵਿੰਡ, ਨੰਬਰਦਾਰ ਗੁਰਮੇਲ ਸਿੰਘ, ਪਰਮਜੀਤ ਸਿੰਘ ਖਾਸਾ, ਕੁਲਵੰਤ ਸਿੰਘ ਕੋਟਲਾ, ਰਵੀ ਸ਼ੇਰ ਸਿੰਘ, ਜੋਬਨਜੀਤ ਸਿੰਘ ਤੇ ਹੋਰ ਹਾਜ਼ਰ ਸਨ।
;
;
;
;
;
;
;
;