JALANDHAR WEATHER

ਦੋਹਰੇ ਹੱਤਿਆਕਾਂਡ ਨੂੰ ਅੰਜ਼ਾਮ ਦੇਣ ਵਾਲਾ ਸਾਹਿਲ ਮਲਿਕ ਗ੍ਰਿਫ਼ਤਾਰ

ਡੇਰਾਬੱਸੀ, 18 ਜੂਨ (ਗੁਰਮੀਤ ਸਿੰਘ)- ਦੋਹਰੇ ਹੱਤਿਆਕਾਂਡ ਨੂੰ ਅੰਜ਼ਾਮ ਦੇਣ ਵਾਲੇ ਹਤਿਆਰੇ ਸਾਹਿਲ ਮਲਿਕ ਨੂੰ ਸੋਨੀਪਤ ਪੁਲਿਸ ਨੇ ਦੇਰ ਰਾਤ ਇਕ ਨਾਟਕੀ ਤਰੀਕੇ ਨਾਲ ਕਾਬੂ ਕਰ ਲਿਆ। ਕਾਬੂ ਗਿਆ ਦੋਸ਼ੀ ਮਾਡਲ ਟਾਊਨ, ਪਾਣੀਪਤ ਦਾ ਰਹਿਣ ਵਾਲਾ ਹੈ। ਸਾਹਿਲ ਆਪਣੇ ਚਾਚੇ ਰਾਹੁਲ ਮਲਿਕ ਵਾਸੀ ਡੇਰਾਬੱਸੀ ਅਤੇ ਦੋਸਤ ਅੰਕੁਸ਼ ਦੀ ਲਾਸ਼ ਨਹਿਰ ਕਿਨਾਰੇ ਸੁਟ ਕੇ ਫ਼ਰਾਰ ਹੋਣ ਦੀ ਫਿਰਾਕ ਵਿਚ ਸੀ।

ਜਾਣਕਾਰੀ ਮੁਤਾਬਕ ਬੀਤੀ ਸ਼ਾਮ ਡੇਰਾਬੱਸੀ ਵਿਖੇ ਸਥਿਤ ਦਫ਼ਤਰ 'ਚ ਮੁਲਜ਼ਮ ਸਾਹਿਲ ਨੇ ਆਪਣੇ ਚਾਚੇ ਰਾਹੁਲ ਮਲਿਕ 'ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਸਨ। ਵਾਰਦਾਤ ਤੋਂ ਬਾਅਦ ਉਹ ਚਾਚੇ ਦੀ ਹੀ ਸਫ਼ਾਰੀ ਗੱਡੀ ਵਿਚ ਖੂਨ ਨਾਲ ਲੱਥਪੱਥ ਦੇਹ ਅਤੇ ਦਫ਼ਤਰ ਵਿਚ ਲੱਗਿਆ ਸੀਸੀਟੀਵੀ ਦਾ ਡੀ.ਵੀ.ਆਰ. (DVR) ਉਖਾੜ ਕੇ ਪਾਣੀਪਤ ਵੱਲ ਫਰਾਰ ਹੋ ਗਿਆ।

ਪੰਜਾਬ ਪੁਲਿਸ ਵਲੋਂ ਮੁਲਜ਼ਮ ਦੇ ਮੋਬਾਈਲ ਨੰਬਰ ਨੂੰ ਟ੍ਰੇਸਿੰਗ 'ਤੇ ਲਗਾ ਕੇ ਲਗਾਤਾਰ ਉਸ ਦਾ ਪਿੱਛਾ ਕੀਤਾ ਜਾ ਰਿਹਾ ਸੀ ਪਰ ਪਾਣੀਪਤ ਪਹੁੰਚਣ ਤੋਂ ਪਹਿਲਾਂ ਹੀ ਮੁਲਜ਼ਮ ਸਾਹਿਲ ਨੇ ਆਪਣੇ ਦੋਸਤ ਅੰਕੁਸ਼ (ਰਹਿਣ ਵਾਲਾ ਹਰੀ ਨਗਰ, ਪਾਣੀਪਤ) ਨੂੰ ਫ਼ੋਨ ਕਰਕੇ ਪਾਣੀਪਤ ਟੋਲ ਪਲਾਜ਼ਾ 'ਤੇ ਬੁਲਾ ਲਿਆ। ਜਿਵੇਂ ਹੀ ਅੰਕੁਸ਼ ਉਸਦੀ ਗੱਡੀ ਵਿਚ ਬੈਠਾ, ਤਾਂ ਸਾਹਿਲ ਨੇ ਉਸ ਨੂੰ ਵੀ ਗੋਲੀ ਮਾਰ ਦਿੱਤੀ।

ਹਰਿਆਣਾ ਪੁਲਿਸ ਦਾ ਕਹਿਣਾ ਹੈ ਕਿ ਸਾਹਿਲ ਨੇ ਦੋਹਾਂ ਲਾਸ਼ਾਂ ਨੂੰ ਪਾਣੀਪਤ ਨਹਿਰ ਕਿਨਾਰੇ ਸੁੱਟ ਫ਼ਰਾਰ ਹੋ ਗਿਆ ਸੀ।

ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਸੋਨੀਪਤ ਦੀ ਸਪੈਸ਼ਲ ਐਂਟੀ-ਗੈਂਗਸਟਰ ਯੂਨਿਟ ਅਤੇ ਮੁਰਥਲ ਥਾਣੇ ਦੀ ਟੀਮ ਐਕਟਿਵ ਹੋ ਗਈ। ਦੋਹਾਂ ਟੀਮਾਂ ਨੇ ਭਿਗਾਨ ਟੋਲ ਪਲਾਜ਼ਾ ’ਤੇ ਇਕ ਖਾਸ ਰਣਨੀਤੀ ਅਪਣਾਈ ਅਤੇ ਟੋਲ ਪਲਾਜ਼ਾ ਨੂੰ ਕੁਝ ਸਮੇਂ ਲਈ ਜਾਣ-ਬੁਝ ਕੇ ਬੰਦ ਕਰ ਕੇ ਵਾਹਨਾਂ ਦੀ ਲੰਬੀ ਕਤਾਰ ਬਣਵਾਈ। ਇਸ ਤਰ੍ਹਾਂ ਸ਼ੱਕੀ ਨੂੰ ਨਾਕੇ ਵਿਚ ਫਸਾ ਕੇ ਰਾਤ ਨੂੰ ਗ੍ਰਿਫ਼ਤਾਰ ਕਰ ਲਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ