18-06-26
ਕ੍ਰੋਧ ਦਾ ਪ੍ਰਬੰਧਨ
ਵਿਅਕਤੀ ਦੀ ਹਲਚਲ ਅਤੇ ਉਤੇਜਿਤ ਅਵਸਥਾ ਨੂੰ ਸੰਵੇਗ ਕਿਹਾ ਜਾਂਦਾ ਹੈ। ਸੰਵੇਗਾਂ ਦੀਆਂ ਦੋ ਕਿਸਮਾਂ ਹੁੰਦੀਆਂ ਹਨ-ਪਹਿਲੇ ਹਾਂ-ਵਾਚਕ ਜਾਂ ਸਾਕਾਰਾਤਮਿਕ ਸੰਵੇਗ ਅਤੇ ਦੂਜੇ ਨਾਂਹ-ਵਾਚਕ ਜਾਂ ਨਕਾਰਾਤਮਿਕ ਸੰਵੇਗ। ਕ੍ਰੋਧ ਇਕ ਨਾਂਹ-ਵਾਚਕ ਸੰਵੇਗ ਹੈ। ਕ੍ਰੋਧ ਦੀ ਅਵਸਥਾ ਵਿਚ ਵਿਅਕਤੀ ਆਪਣੇ-ਆਪ 'ਤੇ ਕੰਟਰੋਲ ਗੁਆ ਦਿੰਦਾ ਹੈ। ਕ੍ਰੋਧ ਦਾ ਪ੍ਰਬੰਧਨ ਕਰਨ ਲਈ ਕੁਝ ਢੰਗਾਂ ਤੇ ਉਪਾਵਾਂ ਦੀ ਜ਼ਰੂਰਤ ਹੁੰਦੀ ਹੈ। ਅਕਸਰ ਕ੍ਰੋਧ ਸਾਡੀ ਸੋਚ ਦੀ ਗਲਤ ਪ੍ਰਕਿਰਿਆ ਰਾਹੀਂ ਉਤਪੰਨ ਹੁੰਦਾ ਹੈ ਤੇ ਇਸ ਦਾ ਕੰਟਰੋਲ ਵੀ ਆਪਣੇ ਵਿਚਾਰਾਂ ਵਿਚ ਸੋਧ ਨਾਲ ਸੰਭਵ ਹੈ। ਕ੍ਰੋਧ ਨੂੰ ਕੰਟਰੋਲ ਕਰਨ ਲਈ ਮਨੁੱਖ ਨੂੰ ਆਪਣੇ ਵਿਹਾਰ ਦਾ ਮੁਲਾਂਕਣ ਕਰਕੇ ਆਪਣੇ ਅੰਦਰ ਸੁਧਾਰ ਕਰਨੇ ਚਾਹੀਦੇ ਹਨ। ਮਨੁੱਖ ਨੂੰ ਆਪਣੀ ਵਿਚਾਰ ਸ਼ਕਤੀ 'ਤੇ ਭਰੋਸਾ ਕਰਨਾ ਚਾਹੀਦਾ ਹੈ। ਹਮੇਸ਼ਾ ਨਾਂਹ-ਵਾਚਕ ਵਿਚਾਰਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਵਿਚਾਰਾਂ ਨੂੰ ਸਪੱਸ਼ਟ ਬਣਾ ਕੇ ਆਤਮ-ਸੰਵਾਦ ਤੋਂ ਬਚਣਾ ਚਾਹੀਦਾ ਹੈ। ਦੂਜੇ ਵਿਅਕਤੀ ਦੇ ਵਿਹਾਰਾਂ ਦਾ ਵਿਸ਼ਲੇਸ਼ਣ ਖੁੱਲ੍ਹੇ ਅਤੇ ਸਾਕਾਰਾਤਮਿਕ ਦਿਮਾਗ ਨਾਲ ਕਰਨਾ ਚਾਹੀਦਾ ਹੈ। ਦੂਜਿਆਂ ਦੇ ਵਿਹਾਰ ਦੀ ਪਰਖ ਭਾਵਨਾਵਾਂ ਵਿਚ ਲਿਪਤ ਹੋ ਕੇ ਨਹੀਂ ਕਰਨੀ ਚਾਹੀਦੀ। ਸਗੋਂ ਤਰਕ ਦੇ ਆਧਾਰ 'ਤੇ ਕਰਨੀ ਚਾਹੀਦੀ ਹੈ। ਕ੍ਰੋਧ ਦੇ ਪ੍ਰਬੰਧਨ ਲਈ ਸ਼ਾਂਤ ਸੁਭਾਅ ਬਣਾਉਣ ਲਈ ਯਤਨ ਕਰਨੇ ਚਾਹੀਦੇ ਹਨ। ਕ੍ਰੋਧ ਦਾ ਪ੍ਰਗਟਾਵਾ ਹਮੇਸ਼ਾ ਸਹੀ ਦਿਸ਼ਾ ਅਤੇ ਰਚਨਾਤਮਿਕ ਆਧਾਰ ਲਈ ਕਰਨਾ ਚਾਹੀਦਾ ਹੈ। ਸੀਮਤ ਤੇ ਕਾਬੂ ਸਥਿਤੀ ਵਿਚ ਕ੍ਰੋਧ ਲਾਭਕਾਰੀ ਵੀ ਸਿੱਧ ਹੁੰਦਾ ਹੈ।
-ਮਨੋਵਿਗਿਆਨਕ ਪ੍ਰਯੋਗਸ਼ਾਲਾ,
ਪਿੰਡ ਨੌਨੀਤਪੁਰ, ਹੁਸ਼ਿਆਰਪੁਰ।
ਡਿਗ ਰਹੀ ਨੈਤਿਕਤਾ
ਮੈਂ 'ਅਜੀਤ' ਅਖ਼ਬਾਰ ਦਾ ਅਤਿ ਧੰਨਵਾਦੀ ਹਾਂ, ਜਿਸ ਰਾਹੀਂ ਹਰ ਰੋਜ਼ ਵਡਮੁੱਲੀ ਸਮੱਗਰੀ ਪੜ੍ਹਨ ਨੂੰ ਮਿਲਦੀ ਹੈ। ਬਹੁਤ ਵਡਮੁੱਲੇ ਵਿਚਾਰ ਜੀਵਨ ਦਾ ਖਜ਼ਾਨਾ ਹੁੰਦੇ ਹਨ। ਅਜਿਹੇ ਵਿਚਾਰ ਜਿਹੜੇ ਮਹਾਂ-ਪੁਰਸ਼ਾਂ ਦੀ ਘਾਲਣਾ 'ਚੋਂ ਉਤਪੰਨ ਹੁੰਦੇ ਹਨ ਪਰ ਮਨ ਉਸ ਵਕਤ ਪ੍ਰੇਸ਼ਾਨ ਹੁੰਦਾ ਹੈ, ਜਦੋਂ ਅਸੀਂ ਇਨ੍ਹਾਂ ਵੱਡਮੁਲੇ ਵਿਚਾਰਾਂ 'ਤੇ ਅਮਲ ਆਪਣੇ ਸਵਾਰਥ ਨੂੰ ਮੁੱਖ ਰੱਖ ਕੇ ਕਰਦੇ ਹਾਂ। ਪੰਜਾਬ ਦੀ ਧਰਤੀ ਗੁਰੂਆਂ, ਭਗਤਾਂ, ਫਕੀਰਾਂ ਅਤੇ ਸੂਫੀ ਮਹਾਂ-ਪੁਰਸ਼ਾਂ ਦੀ ਧਰਤੀ ਹੈ। ਉਨ੍ਹਾਂ ਦੀ ਬਾਣੀ, ਸਿੱਖਿਆਵਾਂ ਨੂੰ ਕਿਸੇ ਵੀ ਕੀਮਤ 'ਤੇ ਅੱਖੋਂ-ਪਰੋਖੇ ਨਹੀਂ ਕਰਨਾ ਚਾਹੀਦਾ। ਆਪਸੀ ਪਿਆਰ, ਇਕ ਦੂਸਰੇ ਦਾ ਸਤਿਕਾਰ, ਸਾਂਝਾ ਭਾਈਚਾਰਾ ਰੱਖਣਾ ਸਾਨੂੰ ਇਨ੍ਹਾਂ ਮਹਾਪੁਰਸ਼ਾਂ ਦੀਆਂ ਸਿੱਖਿਆਵਾਂ ਹੀ ਸਿਖਾਉਂਦੀਆਂ ਹਨ। ਮਨ ਹੋਰ ਵੀ ਪ੍ਰੇਸ਼ਾਨ ਹੋ ਜਾਂਦਾ ਹੈ, ਜਦੋਂ ਨਫ਼ਰਤ, ਈਰਖਾ, ਸਮਾਜਿਕ ਪਾੜਾ ਅਤੇ ਮੇਰੇ-ਤੇਰੇ ਦੇ ਵਿਚਾਰ ਅਜੇ ਵੀ ਮਨੁੱਖਤਾ 'ਤੇ ਭਾਰੂ ਹਨ। ਨੈਤਿਕਤਾ ਉਸ ਵੇਲੇ ਡਿਗਦੀ ਨਜ਼ਰ ਆਉਂਦੀ ਹੈ, ਜਦੋਂ ਸਮਾਜ ਵਿਚ ਨਾਰੀ ਦਾ, ਬਜ਼ੁਰਗਾਂ ਦਾ, ਬੱਚਿਆਂ ਦਾ, ਕਿਸਾਨਾਂ ਦਾ ਅਤੇ ਗਰੀਬਾਂ ਦਾ ਸ਼ੋਸ਼ਣ ਵਧਦਾ ਜਾ ਰਿਹਾ ਹੈ। ਸਮਾਜਿਕ ਗਿਰਾਵਟ, ਮਨ ਵਿਚ ਹੈਂਕੜ, ਸੱਤਾ ਦਾ ਮਾਣ, ਅਮੀਰੀ ਦੌਲਤ, ਮੈਂ-ਮੈਂ ਦਾ ਬੋਲਬਾਲਾ ਆਦਿ ਮਨੁੱਖਤਾ ਦੀ ਗਿਰਾਵਟ ਵੱਲ ਸੰਕੇਤ ਕਰਦੇ ਹਨ। ਗਰੀਬਾਂ ਲਈ, ਮਜ਼ਦੂਰਾਂ ਲਈ, ਔਰਤਾਂ ਲਈ, ਜੀਵਨ ਅਤੀ ਮੁਸ਼ਕਿਲ ਬਣ ਚੁੱਕਾ ਹੈ, ਦੋ ਡੰਗ ਦੀ ਰੋਟੀ ਲਈ ਲੱਕ ਤੋੜਵੀਂ ਮਿਹਨਤ ਕਰਨੀ ਪੈਂਦੀ ਹੈ। ਨੇਤਾਵਾਂ ਨੇ ਰਾਜਨੀਤੀ ਨੂੰ ਨਿੱਜੀ ਲੜਾਈ ਦਾ ਅਖਾੜਾ ਬਣਾ ਲਿਆ ਹੈ, ਗਰੀਬ ਜਨਤਾ ਦਾ ਭਲਾ ਕਿਵੇਂ ਹੋਵੇਗਾ।
-ਆਰ.ਕੇ. ਪਵਾਰ
(ਰਿਟਾ. ਪ੍ਰਿੰਸੀਪਲ) ਭੁੱਲਾਰਾਈ
ਸ਼ਖ਼ਸੀਅਤ ਦਾ ਅਰਥ
ਸ਼ਖ਼ਸੀਅਤ ਸ਼ਬਦ ਸਾਡੀ ਦੈਨਿਕ ਬੋਲਚਾਲ ਦੀ ਭਾਸ਼ਾ ਵਿਚ ਵਰਤਿਆ ਜਾਂਦਾ ਹੈ। ਸ਼ਖ਼ਸੀਅਤ ਦਾ ਸ਼ਾਬਦਿਕ ਅਰਥ ਲਾਤੀਨੀ ਸ਼ਬਦ ਪਰਸੋਨਾ ਤੋਂ ਲਿਆ ਗਿਆ ਹੈ। ਪਰਸੋਨਾ ਦਾ ਅਰਥ ਉਸ ਮਖੌਟੇ ਤੋਂ ਹੈ ਜਿਸ ਨੂੰ ਰੋਮਨ ਨਾਟਕਾਂ ਦੇ ਅਭਿਨੇਤਾ ਆਪਣੀ ਭੂਮਿਕਾ ਅਨੁਸਾਰ ਵਰਤਦੇ ਸਨ। ਨਾਟਕ-ਭੂਮਿਕਾ ਦੌਰਾਨ ਕੀਤਾ ਪ੍ਰਦਰਸ਼ਨ ਜ਼ਰੂਰੀ ਨਹੀਂ ਕਿ ਅਭਿਨੇਤਾ ਦੇ ਅਸਲੀ ਗੁਣਾਂ ਨਾਲ ਮੇਲ ਖਾਂਦਾ ਹੋਵੇ। ਨਾਟਕ ਦੀ ਭੂਮਿਕਾ ਵਿਅਕਤੀ ਦੇ ਸਿਰਫ਼ ਸਰੀਰਕ ਅਤੇ ਬਾਹਰੀ ਤੱਤਾਂ ਬਾਰੇ ਹੀ ਸੰਕੇਤ ਕਰਦੀ ਹੈ ਜਦੋਂ ਕਿ ਸ਼ਖ਼ਸੀਅਤ ਵਿਚ ਬਾਹਰੀ ਅਤੇ ਅੰਦਰੂਨੀ ਦੋਵੇਂ ਤਰ੍ਹਾਂ ਦੇ ਤੱਤ ਜਾਂ ਗੁਣ ਸ਼ਾਮਿਲ ਹੁੰਦੇ ਹਨ। ਸ਼ਖ਼ਸੀਅਤ ਦੀ ਧਾਰਨਾ ਵਿਚ ਸ਼ਾਂਤੀ, ਸੰਵੇਦਨਸ਼ੀਲਤਾ, ਗੰਭੀਰਤਾ, ਸ਼ਰਮੀਲਾਪਣ, ਫੁਰਤੀ, ਸੰਵੇਗ, ਚਿੰਤਨ ਅਤੇ ਹੋਰ ਬਹੁਤ ਸਾਰੇ ਵਿਹਾਰ ਦੇ ਗੁਣ ਸ਼ਾਮਿਲ ਹੁੰਦੇ ਹਨ। ਸਥਿਤੀ ਅਤੇ ਵਾਤਾਵਰਨ ਦੇ ਅਨੁਸਾਰ ਵਿਹਾਰ ਵਿਚ ਭਿੰਨਤਾਵਾਂ ਵੀ ਵਾਪਰਦੀਆਂ ਹਨ। ਵਿਹਾਰਕ ਭਿੰਨਤਾਵਾਂ ਦੇ ਕਾਰਨ ਹੀ ਵਿਅਕਤੀ ਵਾਤਾਵਰਨ ਅਤੇ ਹਾਲਾਤਾਂ ਦੇ ਅਨੁਸਾਰ ਸਮਾਯੋਜਨ ਕਰਨ ਵਿਚ ਸਫਲ ਹੁੰਦੇ ਹਨ। ਅਜੋਕੇ ਸਮੇਂ ਸ਼ਖ਼ਸੀਅਤ ਨੂੰ ਮਹਿਸੂਸ ਕਰਨਾ ਸੰਭਵ ਹੋ ਚੁੱਕਾ ਹੈ ਪਰੰਤੂ ਸ਼ਖ਼ਸੀਅਤ ਦੀ ਸੰਪੂਰਨ ਧਾਰਨਾ ਨੂੰ ਸਮਝਣਾ ਅਤੇ ਲਿਖਣਾ ਅਜੇ ਵੀ ਗੁੰਝਲਦਾਰ ਕੰਮ ਬਣਿਆ ਹੋਇਆ ਹੈ। ਸ਼ਖ਼ਸੀਅਤ ਦੇ ਅਰਥ ਨੂੰ ਜਾਣਨ ਲਈ ਵਿਅਕਤੀ ਦੇ ਵਿਹਾਰ ਦੀਆਂ ਕਿਰਿਆਵਾਂ, ਉਸ ਦੇ ਸੰਗਠਨ ਗੁਣਾਂ, ਗਤੀਸ਼ੀਲਤਾ, ਮਨ, ਸਰੀਰ ਨਾਲ ਸੰਬੰਧਿਤ ਪ੍ਰਬੰਧ, ਗਿਆਨਾਤਮਿਕ, ਕਿਰਿਆਤਮਿਕ, ਭਾਵਨਾਤਮਿਕ ਅਤੇ ਰਚਨਾਤਮਿਕ ਪੱਖਾਂ ਬਾਰੇ ਗੂੜ੍ਹ ਨਜ਼ਰ ਨਾਲ ਵਿਚਾਰ ਕਰਨਾ ਜ਼ਰੂਰੀ ਹੁੰਦੀ ਹੈ। ਸ਼ਖਸੀਅਤ ਬਾਰੇ ਸੰਪੂਰਨ ਤੇ ਸਹੀ ਜਾਣਕਾਰੀ ਨਾਲ ਵਿਅਕਤੀ ਵਿਸ਼ੇਸ਼ ਦੇ ਜੀਵਨ ਬਾਰੇ ਭਵਿੱਖਬਾਣੀ ਕਰਨੀ ਵੀ ਸੰਭਵ ਹੈ।
-ਕੁਲਬੀਰ ਸਿੰਘ
ਪਿੰਡ ਬਿਹਾਲਾਂ, ਹੁਸ਼ਿਆਰਪੁਰ।
ਗਿਆਨ ਸਾਗਰ
ਮਨੋਵਿਗਿਆਨੀ ਫਰਾਇਡ ਨੇ ਇਕ ਡਾਕਟਰੀ ਇਲਾਜ ਵਿਧੀ ਦਾ ਵਿਕਾਸ ਕੀਤਾ, ਜਿਸ ਨੂੰ ਮਨੋਵਿਸ਼ਲੇਸ਼ਣ ਕਿਹਾ ਜਾਂਦਾ ਹੈ। ਇਸ ਮਨੋਵਿਸ਼ਲੇਸ਼ਣ ਵਿਧੀ ਦਾ ਪ੍ਰਮੁੱਖ ਨਿਸ਼ਾਨਾ ਦਮਨ ਹੋਈਆਂ ਅਚੇਤਨ ਸਮੱਗਰੀਆਂ ਨੂੰ ਚੇਤਨਾ ਦੇ ਪੱਧਰ 'ਤੇ ਲਿਆਉਣਾ ਹੈ ਤਾਂ ਕਿ ਲੋਕ ਵਧੇਰੇ ਆਤਮ-ਜਾਗਰੂਕ ਹੋ ਕੇ ਆਪਣਾ ਜੀਵਨ ਬਤੀਤ ਕਰ ਸਕਣ। ਫਰਾਇਡ ਦੇ ਅਨੁਸਾਰ ਅਚੇਤ ਮਨ ਵਿਚ ਕਾਮੁਕ ਅਤੇ ਅਨੈਤਿਕ ਇੱਛਾਵਾਂ ਛੁਪੀਆਂ ਹੁੰਦੀਆਂ ਹਨ। ਅਚੇਤਨ ਮਨ ਦੀਆਂ ਇਨ੍ਹਾਂ ਅਸਮਾਜਿਕ ਇੱਛਾਵਾਂ ਨੂੰ ਚੇਤਨ ਪੱਧਰ 'ਤੇ ਪ੍ਰਗਟ ਨਹੀਂ ਕੀਤਾ ਜਾ ਸਕਦਾ, ਇਸ ਲਈ ਇਨ੍ਹਾਂ ਇਛਾਵਾਂ ਅਤੇ ਮਾਨਸਿਕ ਉਲਝਣਾਂ ਨੂੰ ਦਬਾਅ ਦਿੱਤਾ ਜਾਂਦਾ ਹੈ। ਲੋਕ ਅਚੇਤਨ ਦੀ ਕਾਮੁਕ, ਅਨੈਤਿਕ ਅਤੇ ਮਾਨਸਿਕ ਉਲਝਣਾਂ ਨੂੰ ਸਮਾਜਿਕ ਨਿਯਮਾਂ ਅਨੁਸਾਰ ਚੇਤਨ ਪੱਧਰ 'ਤੇ ਪ੍ਰਗਟ ਕਰਨ ਲਈ ਲਗਾਤਾਰ ਸੰਘਰਸ਼ ਕਰਦੇ ਰਹਿੰਦੇ ਹਨ। ਇਸ ਸੰਬੰਧ ਵਿਚ ਅਸਫ਼ਲਤਾ ਤੇ ਗਲਤ ਫ਼ੈਸਲਾ ਲੈਣ ਨਾਲ ਮਾਨਸਿਕ ਰੋਗਾਂ ਦੀ ਉਤਪਤੀ ਹੋ ਜਾਂਦੀ ਹੈ ਅਤੇ ਮਨੁੱਖੀ ਵਿਹਾਰ ਅਸਾਧਾਰਨ ਹੋ ਜਾਂਦਾ ਹੈ। ਅਸ਼ੁੱਧ ਉਚਾਰਨ, ਭੁੱਲਣਾ, ਹਾਸਾ-ਮਖੌਲ ਅਤੇ ਸੁਪਨਿਆਂ ਦਾ ਵਿਸ਼ਲੇਸ਼ਣ ਅਚੇਤਨ ਪੱਧਰ ਤੱਕ ਪਹੁੰਚਣ ਦੇ ਢੰਗ ਹਨ। ਅਚੇਤਨ ਮਨ ਦੀਆਂ ਭਾਵਨਾਵਾਂ, ਇੱਛਾਵਾਂ ਅਤੇ ਮਾਨਸਿਕ ਦੁਬਿਧਾਵਾਂ ਨੂੰ ਪਹਿਚਾਣ ਕੇ ਅਤੇ ਉਨ੍ਹਾਂ ਦਾ ਸਹੀ ਹੱਲ ਕਰਕੇ ਮਾਨਸਿਕ ਰੋਗਾਂ ਅਤੇ ਅਸਾਧਾਰਨ ਵਿਹਾਰ ਦਾ ਇਲਾਜ ਕਰਨਾ ਸੰਭਵ ਹੈ।
-ਕੁਲਵਿੰਦਰ ਸਿੰਘ
ਪਿੰਡ ਬਿਹਾਲਾਂ, (ਹੁਸ਼ਿਆਰਪੁਰ)