ਮੀਂਹ ਦੇ ਬਾਵਜੂਦ ਨਗਰ ਕੌਂਸਲ ਸ਼ਾਮਚੁਰਾਸੀ ਚੋਣਾਂ ਵਿਚ ਵੋਟਰਾਂ ਦਾ ਉਤਸ਼ਾਹ ਬਰਕਰਾਰ
ਸ਼ਾਮਚੁਰਾਸੀ, 13 ਜੂਨ (ਗੁਰਮੀਤ ਸਿੰਘ ਖ਼ਾਨਪੁਰੀ) – ਨਗਰ ਕੌਂਸਲ ਸ਼ਾਮਚੁਰਾਸੀ ਦੇ 9 ਵਾਰਡਾਂ ਲਈ ਅੱਜ ਹੋ ਰਹੀ ਵੋਟਿੰਗ ਦੌਰਾਨ ਮੌਸਮ ਦੀ ਖਰਾਬੀ ਦੇ ਬਾਵਜੂਦ ਵੋਟਰਾਂ ਵਿਚ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ 12 ਵਜੇ ਤੱਕ ਕੁੱਲ 32.38 ਫੀਸਦੀ ਪੋਲਿੰਗ ਦਰਜ ਕੀਤੀ ਗਈ।
ਸਵੇਰ ਦੇ ਸਮੇਂ ਮੌਸਮ ਖ਼ਰਾਬ ਰਹਿਣ ਕਾਰਨ ਵੋਟਿੰਗ ਦੀ ਰਫ਼ਤਾਰ ਕੁਝ ਮੱਠੀ ਰਹੀ। ਖ਼ਾਸ ਕਰਕੇ ਸਵੇਰੇ 10 ਵਜੇ ਤੋਂ 11 ਵਜੇ ਦਰਮਿਆਨ ਹੋਈ ਭਾਰੀ ਬਾਰਿਸ਼ ਨੇ ਵੋਟਰਾਂ ਦੀ ਆਵਾਜਾਈ ਨੂੰ ਪ੍ਰਭਾਵਿਤ ਕੀਤਾ, ਜਿਸ ਕਾਰਨ ਕਈ ਪੋਲਿੰਗ ਬੂਥਾਂ ’ਤੇ ਵੋਟਰਾਂ ਦੀ ਗਿਣਤੀ ਘੱਟ ਰਹੀ। ਹਾਲਾਂਕਿ ਬਾਰਿਸ਼ ਘੱਟ ਹੋਣ ਉਪਰੰਤ ਲੋਕ ਮੁੜ ਘਰਾਂ ਤੋਂ ਨਿਕਲੇ ਅਤੇ ਪੋਲਿੰਗ ਕੇਂਦਰਾਂ ਵੱਲ ਰੁਖ ਕਰਨ ਲੱਗੇ, ਜਿਸ ਨਾਲ ਵੋਟਿੰਗ ਪ੍ਰਕਿਰਿਆ ਵਿਚ ਤੇਜ਼ੀ ਆਈ।
ਬਾਰਿਸ਼ ਕਾਰਨ ਕਈ ਥਾਵਾਂ ’ਤੇ ਗਲੀਆਂ ਅਤੇ ਸੜਕਾਂ ਵਿਚ ਪਾਣੀ ਭਰ ਗਿਆ, ਜਿਸ ਕਾਰਨ ਵੋਟਰਾਂ ਨੂੰ ਪੋਲਿੰਗ ਕੇਂਦਰਾਂ ਤੱਕ ਪਹੁੰਚਣ ਵਿਚ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਬਾਵਜੂਦ ਨੌਜਵਾਨਾਂ, ਮਹਿਲਾਵਾਂ ਅਤੇ ਬਜ਼ੁਰਗਾਂ ਨੇ ਲੋਕਤੰਤਰਿਕ ਫ਼ਰਜ਼ ਨਿਭਾਉਂਦੇ ਹੋਏ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਚੋਣ ਅਧਿਕਾਰੀਆਂ ਵਲੋਂ ਸਾਰੇ ਪੋਲਿੰਗ ਕੇਂਦਰਾਂ ’ਤੇ ਸੁਰੱਖਿਆ ਅਤੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਗਏ ਹਨ। ਵੋਟਿੰਗ ਸ਼ਾਂਤਮਈ ਢੰਗ ਨਾਲ ਜਾਰੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਦੁਪਹਿਰ ਤੋਂ ਬਾਅਦ ਮੌਸਮ ਵਿਚ ਸੁਧਾਰ ਹੋਣ ਨਾਲ ਪੋਲਿੰਗ ਪ੍ਰਤੀਸ਼ਤਤਾ ਵਿਚ ਹੋਰ ਵਾਧਾ ਹੋਵੇਗਾ।
;
;
;
;
;
;
;
;