JALANDHAR WEATHER

ਈ.ਡੀ ਨੇ ਗਮਾਡਾ ਮੁੱਖ ਪ੍ਰਸ਼ਾਸਕ ਸੰਦੀਪ ਕੁਮਾਰ ਨੂੰ ਕੀਤਾ ਤਲਬ

ਜਲੰਧਰ, 18 ਮਈ (ਦਵਿੰਦਰ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮੋਹਾਲੀ ਸਥਿਤ ਗਮਾਡਾ ਦੇ ਮੁੱਖ ਪ੍ਰਸ਼ਾਸਕ ਸੰਦੀਪ ਕੁਮਾਰ ਨੂੰ ਮਨੀ ਲਾਂਡਰਿੰਗ ਮਾਮਲੇ ਵਿਚ ਤਲਬ ਕੀਤਾ ਹੈ। ਉਨ੍ਹਾਂ ਨੂੰ ਲੋੜੀਂਦੇ ਰਿਕਾਰਡ ਸਮੇਤ ਜਲੰਧਰ ਸਥਿਤ ਈਡੀ ਦਫ਼ਤਰ ਵਿਚ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਸੂਤਰਾਂ ਅਨੁਸਾਰ, ਸੰਦੀਪ ਕੁਮਾਰ ਦਾ ਸਟਾਫ਼ ਈ.ਡੀ. ਦਫ਼ਤਰ ਪੁੱਜਣਾ ਸ਼ੁਰੂ ਹੋ ਗਿਆ ਹੈ ਅਤੇ ਉਨ੍ਹਾਂ ਦੇ ਹੱਥਾਂ ਵਿਚ ਕਈ ਫਾਈਲਾਂ ਸਨ। ਦੱਸਿਆ ਜਾ ਰਿਹਾ ਹੈ ਕਿ ਈਡੀ ਸਨਟੈਕ ਸਿਟੀ ਅਤੇ ਅਲਦੁਸ ਅਸਟੇਟ ਬਿਲਡਰਜ਼ ਦੇ ਵੱਡੇ ਪ੍ਰੋਜੈਕਟਾਂ ਦੀ ਜਾਂਚ ਕਰ ਰਹੀ ਹੈ। ਜਾਂਚ ਦੌਰਾਨ, CLUE (ਚੇਂਜ ਆਫ ਲੈਂਡ ਯੂਜ਼) ਦੀ ਇਜਾਜ਼ਤ ਪ੍ਰਕਿਰਿਆ ਵਿਚ ਕਥਿਤ ਤੌਰ 'ਤੇ ਨਿਯਮਾਂ ਵਿਚ ਕਮੀਆਂ ਸਾਹਮਣੇ ਆਈਆਂ ਹਨ।

ਈਡੀ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਸਬੰਧਤ ਪ੍ਰੋਜੈਕਟਾਂ ਨੂੰ ਕਿਸ ਆਧਾਰ 'ਤੇ ਕਲੂ ਮਨਜ਼ੂਰੀ ਦਿੱਤੀ ਗਈ ਸੀ ਅਤੇ ਕੀ ਪ੍ਰਕਿਰਿਆ ਦੌਰਾਨ ਨਿਯਮਾਂ ਦੀ ਪਾਲਣਾ ਕੀਤੀ ਗਈ ਸੀ। ਦੱਸ ਦੇਈਏ ਕਿ ਈਕੋ ਸਿਟੀ-3 ਸਮੇਤ ਮੁੱਲਾਂਪੁਰ ਖੇਤਰ ਦੇ ਕਈ ਵਿਕਾਸ ਪ੍ਰੋਜੈਕਟਾਂ ਲਈ ਖਰੀਦੀਆਂ ਗਈਆਂ ਜ਼ਮੀਨਾਂ ਦੇ ਰਿਕਾਰਡ ਦੀ ਤਲਾਸ਼ੀ ਲੈਂਦੇ ਹੋਏ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦੇ ਮੁੱਖ ਪ੍ਰਸ਼ਾਸਕ ਸੰਦੀਪ ਕੁਮਾਰ ਨੂੰ ਸੰਮਨ ਜਾਰੀ ਕੀਤਾ ਸੀ। ਦੱਸ ਦਈਏ ਕਿ ਇਹ ਕਾਰਵਾਈ ਏਜੰਸੀ ਵਲੋਂ ਜ਼ਮੀਨ ਖਰੀਦਣ, ਮਾਸਟਰ ਪਲਾਨ ਬਦਲਣ ਅਤੇ ਬਿਲਡਰਾਂ ਨੂੰ ਕਥਿਤ ਲਾਭ ਦੇਣ ਦੇ ਦੋਸ਼ਾਂ ਦੀ ਜਾਂਚ ਲਈ ਕੀਤੀ ਗਈ ਸੀ।

8 ਅਤੇ 9 ਮਈ ਨੂੰ ਮੋਹਾਲੀ, ਖਰੜ, ਨਿਊ ਚੰਡੀਗੜ੍ਹ ਅਤੇ ਚੰਡੀਗੜ੍ਹ ਵਿਚ ਰੀਅਲ ਅਸਟੇਟ ਕੰਪਨੀਆਂ ਦੇ 12 ਟਿਕਾਣਿਆਂ 'ਤੇ ਛਾਪੇਮਾਰੀ ਤੋਂ ਬਾਅਦ ਸੰਮਨ ਜਾਰੀ ਕੀਤੇ ਗਏ ਸਨ। ਏਜੰਸੀ ਨੂੰ ਸ਼ੱਕ ਹੈ ਕਿ ਨਿਊ ਚੰਡੀਗੜ੍ਹ ਮਾਸਟਰ ਪਲਾਨ ਦੇ ਤਹਿਤ ਕੁਝ ਜ਼ਮੀਨਾਂ ਦੀ ਵਰਤੋਂ ਬਦਲ ਕੇ ਪ੍ਰਾਈਵੇਟ ਬਿਲਡਰਾਂ ਨੂੰ ਫਾਇਦਾ ਪਹੁੰਚਾਇਆ ਗਿਆ ਸੀ।
 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ