JALANDHAR WEATHER

ਰਾਜਪਾਲ ਕਟਾਰੀਆ ਦੇ ਏ.ਡੀ.ਸੀ. ਨੇ ਸੇਵਾਮੁਕਤੀ ਤੋਂ ਪਹਿਲਾਂ ਹੀ ਛੱਡਿਆ ਅਹੁਦਾ

ਚੰਡੀਗੜ੍ਹ, 18 ਮਈ (ਸੰਦੀਪ ਕੁਮਾਰ ਮਾਹਨਾ)- ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੇ ਏ.ਡੀ.ਸੀ. ਗੌਰਵ ਮਲਿਕ ਵਲੋਂ ਸੇਵਾਮੁਕਤੀ ਤੋਂ ਪਹਿਲਾਂ ਹੀ ਅਹੁਦਾ ਛੱਡਣ ਦੇ ਫ਼ੈਸਲੇ ਨੇ ਪ੍ਰਸ਼ਾਸਨਿਕ ਗਲਿਆਰਿਆਂ ਵਿਚ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਐਕਸਟੈਂਸ਼ਨ ’ਤੇ ਸੇਵਾਵਾਂ ਦੇ ਰਹੇ ਮਲਿਕ ਲੰਮੇ ਸਮੇਂ ਤੋਂ ਪੰਜਾਬ ਲੋਕ ਭਵਨ ਦੀਆਂ ਅਹਿਮ ਜ਼ਿੰਮੇਵਾਰੀਆਂ ਸੰਭਾਲ ਰਹੇ ਸਨ।

ਗੌਰਵ ਮਲਿਕ ਕਈ ਸਾਲਾਂ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਨਾਲ ਏ.ਡੀ.ਸੀ. (ਐਡ-ਡੀ-ਕੈਂਪ) ਵਜੋਂ ਤਾਇਨਾਤ ਸਨ। ਰਾਜਪਾਲ ਦੇ ਅਧਿਕਾਰਕ ਦੌਰਿਆਂ, ਸਰਕਾਰੀ ਪ੍ਰੋਗਰਾਮਾਂ, ਸੁਰੱਖਿਆ ਪ੍ਰਬੰਧਾਂ ਅਤੇ ਪ੍ਰਸ਼ਾਸਨਿਕ ਤਾਲਮੇਲ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਰਹਿੰਦੀ ਸੀ। ਲੋਕ ਭਵਨ ਦੇ ਪ੍ਰੋਟੋਕਾਲ ਅਤੇ ਅੰਦਰੂਨੀ ਪ੍ਰਬੰਧਾਂ ਨਾਲ ਜੁੜੀਆਂ ਕਈ ਅਹਿਮ ਜ਼ਿੰਮੇਵਾਰੀਆਂ ਵੀ ਉਹ ਨਿਭਾ ਰਹੇ ਸਨ।

ਜਾਣਕਾਰੀ ਮੁਤਾਬਕ, ਗੌਰਵ ਮਲਿਕ ਭਾਰਤੀ ਹਵਾਈ ਸੈਨਾ ਵਿਚ ਸ਼ਾਰਟ ਸਰਵਿਸ ਕਮਿਸ਼ਨ ਅਫ਼ਸਰ ਰਹਿ ਚੁੱਕੇ ਹਨ। ਫੌਜੀ ਪਿਛੋਕੜ ਕਾਰਨ ਉਨ੍ਹਾਂ ਨੂੰ ਅਨੁਸ਼ਾਸਨ ਅਤੇ ਪ੍ਰਸ਼ਾਸਨਿਕ ਪ੍ਰਬੰਧਨ ਦਾ ਵਿਸ਼ੇਸ਼ ਤਜਰਬਾ ਹਾਸਲ ਸੀ। ਇਸੇ ਤਜਰਬੇ ਦੇ ਆਧਾਰ ’ਤੇ ਉਹ ਪੰਜਾਬ ਲੋਕ ਭਵਨ ਦੇ ਮਹੱਤਵਪੂਰਨ ਅਤੇ ਭਰੋਸੇਮੰਦ ਅਧਿਕਾਰੀਆਂ ਵਿਚ ਗਿਣੇ ਜਾਂਦੇ ਸਨ। ਸੂਤਰਾਂ ਦੀ ਮੰਨੀਏ ਤਾਂ ਗੌਰਵ ਮਲਿਕ ਇਸ ਵੇਲੇ ਐਕਸਟੈਂਸ਼ਨ ’ਤੇ ਸੇਵਾਵਾਂ ਦੇ ਰਹੇ ਸਨ ਅਤੇ ਅਗਲੇ ਸਾਲ ਉਨ੍ਹਾਂ ਦੀ ਸੇਵਾਮੁਕਤੀ ਹੋਣੀ ਸੀ। ਇਸ ਤੋਂ ਪਹਿਲਾਂ ਹੀ ਅਹੁਦਾ ਛੱਡਣ ਦੇ ਫ਼ੈਸਲੇ ਨੇ ਪ੍ਰਸ਼ਾਸਨਿਕ ਅਤੇ ਸਿਆਸੀ ਹਲਕਿਆਂ ' ਚਰਚਾਵਾਂ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਹਾਲਾਂਕਿ ਉਨ੍ਹਾਂ ਦੇ ਅਚਾਨਕ ਲਏ ਗਏ ਇਸ ਫ਼ੈਸਲੇ ਦੇ ਕਾਰਨਾਂ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਕ ਜਾਣਕਾਰੀ ਸਾਹਮਣੇ ਨਹੀਂ ਆਈ।

ਪੰਜਾਬ ਲੋਕ ਭਵਨ ਜਾਂ ਯੂਟੀ ਪ੍ਰਸ਼ਾਸਨ ਵਲੋਂ ਵੀ ਇਸ ਮਾਮਲੇ ਸਬੰਧੀ ਅਜੇ ਤੱਕ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ। ਫਿਰ ਵੀ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਗਲਿਆਰਿਆਂ ਵਿਚ ਇਸ ਘਟਨਾਕ੍ਰਮ ਨੂੰ ਇੱਕ ਵੱਡੇ ਬਦਲਾਅ ਵਜੋਂ ਦੇਖਿਆ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ