ਮੋਟਰਸਾਈਕਲ ਚੋਰੀ ਕਰਦਾ ਨੌਜਵਾਨ ਲੋਕਾਂ ਨੇ ਮੌਕੇ ’ਤੇ ਕੀਤਾ ਕਾਬੂ
ਗੁਰੂਹਰਸਹਾਏ, 14 ਮਾਰਚ (ਕਪਿਲ ਕੰਧਾਰੀ)— ਸ਼ਹਿਰ ਵਿਚ ਚੋਰੀਆਂ ਦੀਆਂ ਵੱਧਦੀਆਂ ਵਾਰਦਾਤਾਂ ਦੇ ਮੱਦੇਨਜ਼ਰ ਅੱਜ ਇਕ ਮੋਟਰਸਾਈਕਲ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਨੌਜਵਾਨ ਲੋਕਾਂ ਵਲੋਂ ਮੌਕੇ ’ਤੇ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਬੇਰ ਸਾਹਿਬ ਗੁਰਦੁਆਰੇ ਦੇ ਨੇੜੇ ਫਾਸਟ ਫੂਡ ਦਾ ਕੰਮ ਕਰਨ ਵਾਲਾ ਇਕ ਵਿਅਕਤੀ ਬੂਟਾ ਰਾਮ ਧਰਮਸ਼ਾਲਾ ਵਿਖੇ ਕਿਸੇ ਦੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਣ ਲਈ ਆਇਆ ਹੋਇਆ ਸੀ। ਉਸ ਨੇ ਆਪਣਾ ਮੋਟਰਸਾਈਕਲ ਧਰਮਸ਼ਾਲਾ ਦੇ ਬਾਹਰ ਖੜਾ ਕੀਤਾ ਹੋਇਆ ਸੀ।
ਇਸ ਦੌਰਾਨ ਇਕ ਸ਼ੱਕੀ ਨੌਜਵਾਨ ਉੱਥੇ ਆਇਆ ਅਤੇ ਖੜ੍ਹੇ ਮੋਟਰਸਾਈਕਲ ਨੂੰ ਚਾਬੀ ਲਗਾ ਕੇ ਸਟਾਰਟ ਕਰਨ ਦੀ ਕੋਸ਼ਿਸ਼ ਕਰਨ ਲੱਗ ਪਿਆ। ਮੌਕੇ ’ਤੇ ਮੌਜੂਦ ਲੋਕਾਂ ਨੂੰ ਉਸ ਦੀ ਹਰਕਤ ਸ਼ੱਕੀ ਲੱਗੀ ਤਾਂ ਉਨ੍ਹਾਂ ਨੇ ਤੁਰੰਤ ਉਸ ਨੂੰ ਕਾਬੂ ਕਰ ਲਿਆ। ਇਸ ਦੌਰਾਨ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਦੇ ਪੰਡਿਤ ਬਿੰਦੂ ਭਾਰਦਵਾਜ ਨੇ ਵੀ ਅੱਗੇ ਆ ਕੇ ਲੋਕਾਂ ਦੀ ਮਦਦ ਨਾਲ ਉਸ ਨੌਜਵਾਨ ਨੂੰ ਕਾਬੂ ਕਰ ਲਿਆ। ਜਿਸ ਤੋਂ ਬਾਅਦ ਮੌਕੇ ’ਤੇ ਮੌਜੂਦ ਲੋਕਾਂ ਵਲੋਂ ਇਸ ਸੰਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਣ ਉਪਰੰਤ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਕਾਬੂ ਕੀਤੇ ਗਏ ਨੌਜਵਾਨ ਨੂੰ ਆਪਣੇ ਨਾਲ ਥਾਣੇ ਲੈ ਗਈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਨੌਜਵਾਨ ਇਸ ਤੋਂ ਪਹਿਲਾਂ ਵੀ ਕਿਸੇ ਹੋਰ ਚੋਰੀ ਦੀ ਵਾਰਦਾਤ ਵਿਚ ਸ਼ਾਮਿਲ ਤਾਂ ਨਹੀਂ ਰਿਹਾ।
;
;
;
;
;
;
;
;