ਇਨੋਵਾ-ਮੋਟਰਸਾਈਕਲ ਤੇ ਟਿੱਪਰ ’ਚ ਜ਼ਬਰਦਸਤ ਟੱਕਰ, 2 ਦੀ ਮੌਕੇ ’ਤੇ ਮੌਤ
ਫਤਿਹਗੜ ਚੂੜੀਆਂ, 14 ਮਾਰਚ (ਐਮ. ਐਸ. ਫੁੱਲ)- ਫਤਿਹਗੜ੍ਹ ਚੂੜੀਆਂ-ਬਟਾਲਾ ਰੋਡ ਉਪਰ ਕਾਲਾ ਅਫਗਾਨਾਂ ਦੇ ਅੱਡੇ ਨਜ਼ਦੀਕ ਇਨੋਵਾ-ਮੋਟਰਸਾਈਕਲ ਤੇ ਟਿੱਪਰ ’ਚ ਹੋਈ ਜ਼ਬਰਦਸਤ ਟੱਕਰ ਨਾਲ ਵਾਪਰੇ ਭਿਆਨਕ ਸੜਕ ਹਾਦਸੇ ’ਚ 2 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋਣ ਦੀ ਖਬਰ ਹੈ।
ਇਸ ਸੰਬੰਧੀ ਪਿੰਡ ਪਿੰਡੀ ਦੇ ਮ੍ਰਿਤਕ ਵਿਲੀਅਮ ਮਸੀਹ (45) ਦੇ ਪਿਤਾ ਅਮਰੀਕ ਮਸੀਹ ਤੇ ਰਿਸ਼ਤੇਦਾਰ ਸਰਵਨ ਮਸੀਹ ਅਤੇ ਦੂਜੇ ਮ੍ਰਿਤਕ ਪਿੰਡ ਹਰਦੋਰਵਾਲ ਕਲਾਂ ਦੇ ਪਰਮਿੰਦਰ ਸਿੰਘ (28) ਦੇ ਗੁਆਂਢੀ ਬਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਵੇਂ ਮ੍ਰਿਤਕ ਪਰਮਿੰਦਰ ਸਿੰਘ ਅਤੇ ਵਿਲੀਅਮ ਮਸੀਹ ਅੱਜ ਸਵੇਰੇ ਮੋਟਰਸਾਈਕਲ ਉਪਰ ਬਟਾਲਾ ਜਾ ਰਹੇ ਸਨ ਅਤੇ ਜਦ ਕਾਲਾ ਅਫਗਾਨਾਂ ਦੇ ਨਜ਼ਦੀਕ ਪਹੁੰਚੇ ਤਾਂ ਇਨੋਵਾ ਗੱਡੀ ਵਲੋਂ ਓਵਰਟੇਕ ਕਰਦਿਆਂ ਟੱਕਰ ਵੱਜੀ, ਜਿਸ ਨਾਲ ਦੋਵੇਂ ਲੰਘ ਰਹੇ ਟਿੱਪਰ ਹੇਠਾਂ ਆ ਗਏ, ਜਿਨ੍ਹਾਂ ਦੀ ਮੌਕੇ ’ਤੇ ਮੌਤ ਹੋ ਗਈ।
ਮ੍ਰਿਤਕ ਵਿਲੀਅਮ ਮਸੀਹ ਆਪਣੇ ਪਿੱਛੇ 3 ਲੜਕੇ ਛੱਡ ਗਿਆ ਜਦਕਿ ਪਲਵਿੰਦਰ ਸਿੰਘ ਦਾ ਇਕ ਛੋਟਾ ਬੱਚਾ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਫਤਿਹਗੜ੍ਹ ਚੂੜੀਆਂ ਦੇ ਐਸ. ਐਚ. ਓ. ਸੁਰਦਿੰਰਪਾਲ ਸਿੰਘ ਮੌਕੇ ਉਤੇ ਪਹੁੰਚ ਗਏ ਅਤੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਭੇਜ ਦਿੱਤਾ ਗਿਆ ਹੈ। ਇਸ ਸੰਬੰਧੀ ਐਸ. ਐਚ. ਓ. ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਨੋਵਾ ਗੱਡੀ ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
;
;
;
;
;
;
;
;