JALANDHAR WEATHER

ਬੇਅਦਬੀਆਂ ਖ਼ਿਲਾਫ਼ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਅਮਨ ਅਰੋੜਾ ਦੀ ਰਿਹਾਇਸ਼ ਅੱਗੇ ਧਰਨਾ

ਸੁਨਾਮ ਊਧਮ ਸਿੰਘ ਵਾਲਾ,12 ਮਾਰਚ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)- ਟਾਵਰ ਮੋਰਚਾ ਸਮਾਣਾ ਵਲੋੰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਤੇ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਜ ਬੇਅਦਬੀਆਂ ਖਿਲਾਫ ਸਖਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈਕੇ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਅੱਗੇ ਧਰਨਾ ਦੇਕੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।

ਇਸ ਸਮੇਂ ਅਮਿਤੋਜ ਸਿੰਘ ਮਾਨ, ਤਲਵਿੰਦਰ ਸਿੰਘ,ਰਣ ਸਿੰਘ ਚੱਠਾ ਆਦਿ ਆਗੂਆਂ ਨੇ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਵਿਧਾਨ ਸਭਾ ਵਿਚ ਪੰਜਾਬ ਸਰਕਾਰ ਵਲੋਂ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ ਨਿੰਦਾ ਪ੍ਰਸਤਾਵ ਲਿਆਂਦੇ ਜਾ ਰਹੇ ਹਨ ਪਰ ਸੂਬੇ ਵਿਚ ਹੋ ਰਹੀਆਂ ਬੇਅਦਬੀਆਂ ਨੂੰ ਲੈ ਕੇ ਕੋਈ ਵੀ ਨਿੰਦਾ ਪ੍ਰਸਤਾਵ ਹੁਣ ਤੱਕ ਨਹੀ ਲਿਆਂਦਾ ਗਿਆ। ਆਪ ਸਰਕਾਰ ਦੇ ਆਗੂਆਂ ਨੇ ਵਾਅਦਾ ਕੀਤਾ ਸੀ ਕਿ ਉਹ ਟਾਵਰ ਮੋਰਚਾ ਦੀ ਸਟੇਜ 'ਤੇ ਆ ਕੇ ਧਰਨਾਕਾਰੀਆਂ ਦਾ ਪੱਖ ਸੁਣਨਗੇ ਪਰ ਹੁਣ ਟਾਲਾ ਵੱਟ ਰਹੇ ਹਨ।

ਉਨ੍ਹਾਂ ਕਿਹਾ ਉਕਤ ਮੰਗ ਨੂੰ ਲੈ ਕੇ ਭਾਈ ਗੁਰਜੀਤ ਸਿੰਘ ਖਾਲਸਾ ਪਿਛਲੇ ਸਤਾਰਾਂ ਮਹੀਨਿਆਂ ਤੋਂ ਟਾਵਰ 'ਤੇ ਬੈਠ ਕੇ ਸੰਘਰਸ਼ ਕਰ ਰਹੇ ਹਨ।ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ 'ਚ ਸਾਰੇ ਧਰਮਾ ਦੇ ਪਵਿੱਤਰ ਗ੍ਰੰਥਾਂ ਨੂੰ ਲੈ ਕੇ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਜੋ ਬੇਅਦਬੀ ਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਕੋਈ ਜੁਰਤ ਨਾਂ ਕਰ ਸਕੇ।ਇਸ ਸਮੇ ਉਨ੍ਹਾਂ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਨਿਜੀ ਸਹਾਇਕ ਸੰਜੀਵ ਕੁਮਾਰ ਕਾਂਸਲ ਸੰਜੂ ਨੂੰ ਇਕ ਮੰਗ ਪੱਤਰ ਵੀ ਸੌਂਪਿਆ।ਇਸ ਮੌਕੇ ਭਾਈ ਅਮਰਜੀਤ ਸਿੰਘ ਕਣਕਵਾਲ,ਕਸ਼ਮੀਰ ਸਿੰਘ ਉਗਰਾਹਾਂ,ਕਰਮ ਸਿੰਘ ਨਮੋਲ, ਮਦਨ ਸਿੰਘ ਮਹਿਲਾਂ,ਹਰਜਿੰਦਰ ਸਿੰਘ ਮਹਿਲਾਂ,ਹਰਬੰਸ ਸਿੰਘ ਖਡਿਆਲ,ਗੁਰਤੇਜ ਸਿੰਘ ਨੀਲੋਵਾਲ,ਗੁਰਚਰਨ ਸਿੰਘ ਨਮੋਲ, ਭਗਵੰਤ ਸਿੰਘ ਮੈਦੇਵਾਸ ਅਤੇ ਭੋਲਾ ਸਿੰਘ ਨੀਲੋਵਾਲ ਆਦਿ ਮੌਜੂਦ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ