JALANDHAR WEATHER

ਸੰਸਦ ਮੈਂਬਰ ਢੇਸੀ ਨੇ ਬਰਤਾਨੀਆ ਦੀ ਸੰਸਦ ਵਿਚ ਚੁੱਕਿਆ ਈਰਾਨ ਯੁੱਧ ‘ਚ ਫਸੇ ਬਰਤਾਨੀਆ ਦੇ ਲੋਕਾਂ ਦੀ ਸੁਰੱਖਿਅਤ ਵਾਪਸੀ ਦਾ ਮੁੱਦਾ

ਲੰਡਨ, 3 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਬਰਤਾਨਵੀ ਸੰਸਦ ਵਿਚ ਈਰਾਨ ਵਲੋਂ ਕੀਤੇ ਗਏ ਹਮਲੇ ਦੇ ਮੁੱਦੇ 'ਤੇ ਬੀਤੇ ਕੱਲ੍ਹ ਹੋਈ ਚਰਚਾ ਦੌਰਾਨ ਯੂ.ਕੇ. ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੂੰ ਯੁੱਧ ਵਿਚ ਫਸੇ ਬਰਤਾਨਵੀ ਲੋਕਾਂ ਦੀ ਸੁਰੱਖਿਅਤ ਵਾਪਸੀ ਦਾ ਮੁੱਦਾ ਚੁੱਕਿਆ। ਸੰਸਦ ਵਿਚ ਬੋਲਦਿਆਂ ਸੰਸਦ ਮੈਂਬਰ ਢੇਸੀ ਨੇ ਪ੍ਰਧਾਨ ਮੰਤਰੀ ਦਾ ਯੁੱਧ ਵਿਚ ਸਿੱਧੀ ਭੂਮਿਕਾ ਨਾ ਹੋਣ ਦੀ ਪੁਸ਼ਟੀ ਕਰਨ ਤੇ ਧੰਨਵਾਦ ਕਰਦਿਆਂ ਕਿਹਾ ਕਿ ਯੁੱਧ ਵਿਚ ਮਾਰੇ ਗਏ ਲੋਕਾਂ ਦੇ ਪ੍ਰੀਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਾ ਹਾਂ। ਉਨ੍ਹਾਂ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਦੀ ਸੁਰੱਖਿਆ 'ਤੇ ਚਿੰਤਾ ਪ੍ਰਗਟ ਕੀਤੀ ਅਤੇ ਪੁੱਛਿਆ ਕਿ ਬਹੁਤ ਸਾਰੇ ਬਰਤਾਨਵੀ ਜੰਗ ਦੇ ਪ੍ਰਭਾਵਿਤ ਖੇਤਰਾਂ ਵਿਚ ਫਸੇ ਹੋਏ ਹਨ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਕੀ ਪ੍ਰਬੰਧ ਕੀਤੇ ਜਾ ਰਹੇ ਹਨ? ਇਕ ਪਾਸੜ ਡਰੋਨ ਹਮਲਿਆਂ ਨੂੰ ਰੋਕਣ ਲਈ ਅਤੇ ਭਾਈਵਾਲ਼ਾਂ ਦੇ ਸਹਿਯੋਗ ਨਾਲ ਯੁੱਧ ਖ਼ਤਮ ਕਰਨ ਲਈ ਕੀ ਕਰ ਰਹੇ ਹਨ?
ਇਸ ਦੌਰਾਨ ਤਨਮਨਜੀਤ ਸਿੰਘ ਢੇਸੀ ਵਲੋਂ ਉਠਾਏ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸਦਨ ਵਿਚ ਇਸ ਹਮਲੇ ਦੇ ਸੰਬੰਧ ਵਿਚ ਆਪਣਾ ਪੱਖ ਰੱਖਿਆ ਅਤੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਮੁੜ ਦੁਹਰਾਇਆ ਕਿ ਅਮਰੀਕਾ ਨੂੰ ਹਵਾਈ ਫ਼ੌਜੀ ਅੱਡੇ ਵਰਤਣ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਬਰਤਾਨਵੀ ਲੋਕਾਂ ਦੀ ਸੁਰੱਖਿਆ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ