"ਮੇਰੀ ਰਸੋਈ" ਭਗਵੰਤ ਮਾਨ ਸਰਕਾਰ ਦਾ ਬੇਮਿਸਾਲ ਉਪਰਾਲਾ-ਭਰਾਜ
ਸੰਗਰੂਰ, 23 ਫਰਵਰੀ (ਧੀਰਜ ਪਸੌਰੀਆ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਦੇ 40 ਲੱਖ ਪਰਿਵਾਰਾਂ ਲਈ "ਮੇਰੀ ਰਸੋਈ" ਸਕੀਮ ਦੇ ਕੀਤੇ ਐਲਾਨ ਉਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ "ਮੁੱਖ ਮੰਤਰੀ ਸਿਹਤ ਬੀਮਾ ਯੋਜਨਾ" ਤੋਂ ਬਾਅਦ ਇਹ ਸਕੀਮ ਇਕ ਬੇਮਿਸਾਲ ਉਪਰਾਲਾ ਹੈ। ਭਰਾਜ ਨੇ ਕਿਹਾ ਕਿ ਇਸ ਸਕੀਮ ਅਧੀਨ ਨੀਲੇ ਕਾਰਡ ਧਾਰਕਾਂ ਨੂੰ ਹੁਣ ਕਣਕ ਦੇ ਨਾਲ-ਨਾਲ ਫੂਡ ਕਿੱਟ ਵੀ ਮੁਫਤ ਮੁਹੱਈਆ ਕਰਵਾਈ ਜਾਵੇਗੀ, ਜਿਸ ਵਿਚ ਰਸੋਈ ਦਾ ਜ਼ਰੂਰੀ ਸਾਮਾਨ ਹੋਵੇਗਾ।
ਉਨ੍ਹਾਂ ਕਿਹਾ ਕਿ ਰਾਜ ਵਾਸੀਆਂ ਨੂੰ 300 ਯੂਨਿਟ ਬਿਜਲੀ ਪ੍ਰਤੀ ਮਹੀਨਾ ਮੁਫਤ ਦੇਣ ਤੋਂ ਬਾਅਦ ਭਗਵੰਤ ਮਾਨ ਸਰਕਾਰ 2022 ਵਿਚ ਕੀਤੇ ਵਾਅਦਿਆਂ ਤੋਂ ਅੱਗੇ ਜਾ ਕੇ ਰਾਜ ਵਾਸੀਆਂ ਨੂੰ ਨਵੀਆਂ-ਨਵੀਆਂ ਸਹੂਲਤਾਂ ਦੇ ਰਹੀ ਹੈ। ਉਨ੍ਹਾਂ ਹੋਰ ਕਿਹਾ ਕਿ ਰਾਜ ਵਿਚ ਸਿਹਤ ਸਹੂਲਤਾਂ ਅਤੇ ਸਿੱਖਿਆ ਸੇਵਾਵਾਂ ਵਿਚ ਇਨਕਲਾਬੀ ਬਦਲਾਅ ਆਇਆ ਹੈ, ਹੁਣ ਇਲਾਜ ਕਰਾਉਣ ਲਈ ਨਾ ਤਾਂ ਕਰਜਾ ਲੈਣ ਤੇ ਨਾ ਜ਼ਮੀਨਾਂ ਵੇਚਣ ਦੀ ਜ਼ਰੂਰਤ ਹੈ। ਪੰਜਾਬ ਦੇ ਹਰ ਪਰਿਵਾਰ ਦਾ 10 ਲੱਖ ਰੁਪਏ ਸਾਲਾਨਾ ਦਾ ਮੁਕਤ ਬੀਮਾ ਹੋ ਰਿਹਾ ਹੈ। ਸੂਬੇ ਵਿਚ ਸਿੱਖਿਆ ਸੇਵਾਵਾਂ ਵਿਚ ਆਈ ਕ੍ਰਾਂਤੀਕਾਰੀ ਤਬਦੀਲੀ ਦੀ ਗੱਲ ਕਰੀਏ ਤਾਂ ਹੁਣ ਅਸੀਂ ਆਪਣੇ ਬੱਚਿਆਂ ਨੂੰ ਵਿਸਵ ਪੱਧਰੀ ਸਿੱਖਿਆ ਦੇ ਰਹੇ ਹਾਂ" ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੱਕਾਰੀ ਪ੍ਰੀਖਿਆਵਾਂ ਵਿਚ ਉੱਚ ਸਥਾਨ ਪ੍ਰਾਪਤ ਕਰ ਰਹੇ ਹਨ। ਮੁੱਕਦੀ ਗੱਲ ਸੂਬੇ ਦਾ ਹਰ ਵਿਅਕਤੀ ਭਗਵੰਤ ਮਾਨ ਸਰਕਾਰ ਵਲੋਂ ਕੀਤੇ ਜਾ ਰਹੇ ਕਾਰਜਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ।
;
;
;
;
;
;
;
;