ਸਹੁਰਾ ਪਰਿਵਾਰ ਵਲੋਂ ਲੜਕੀ 'ਤੇ ਡੀਜ਼ਲ ਪਾ ਕੇ ਸਾੜਨ ਦੀ ਕੋਸ਼ਿਸ਼
ਕਪੂਰਥਲਾ, 22 ਫਰਵਰੀ (ਅਮਨਜੋਤ ਸਿੰਘ ਵਾਲੀਆ)-ਪਿੰਡ ਮਾਂਗੇਵਾਲ ਵਿਖੇ ਇਕ ਨਵਵਿਆਹੁਤਾ ਲੜਕੀ ਨੂੰ ਸਹੁਰੇ ਪਰਿਵਾਰ ਨੇ ਘਰ ਵਿਚ ਡੀਜ਼ਲ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਕਪੂਰਥਲਾ ਵਿਖੇ ਜ਼ੇਰੇ ਇਲਾਜ ਜਸਮੀਤ ਸ਼ਰਮਾ ਪਤਨੀ ਪ੍ਰਦੀਪ ਸਿੰਘ ਵਾਸੀ ਮਾਂਗੇਵਾਲ ਨੇ ਦੱਸਿਆ ਕਿ ਉਸ ਦਾ ਵਿਆਹ ਲਗਭਗ ਇਕ ਸਾਲ ਪਹਿਲਾਂ ਹੋਇਆ ਸੀ ਤੇ ਉਸ ਦਾ ਪਤੀ ਵਿਦੇਸ਼ ਵਿਚ ਰਹਿੰਦਾ ਹੈ। ਉਸ ਨੇ ਦੱਸਿਆ ਕਿ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਤੰਗ-ਪ੍ਰੇਸ਼ਾਨ ਕਰਦਾ ਹੈ ਅਤੇ ਤਲਾਕ ਦੀ ਮੰਗ ਕਰਦਾ ਹੈ। ਉਸ ਨੇ ਦੱਸਿਆ ਕਿ ਮੇਰਾ ਪਤੀ ਵੀ ਮੈਨੂੰ ਪਿਛਲੇ 5-6 ਮਹੀਨਿਆਂ ਤੋਂ ਕੋਈ ਫ਼ੋਨ ਨਹੀਂ ਕਰਦਾ ਤੇ ਨਾ ਹੀ ਖ਼ਰਚਾ ਭੇਜਦਾ ਹੈ | ਪਿਛਲੇ ਦੋ ਦਿਨਾਂ ਤੋਂ ਉਹ ਘਰ ਵਿਚ ਇਕੱਲੀ ਸੀ ਅਤੇ ਅੱਜ ਜਦੋਂ ਉਸ ਦਾ ਸਹੁਰਾ ਪਰਿਵਾਰ ਘਰ ਵਿਚ ਆਇਆ ਤਾਂ ਉਸ ਨੂੰ ਤਲਾਕ ਦੇ ਪੇਪਰਾਂ 'ਤੇ ਦਸਤਖ਼ਤ ਕਰਨ ਲਈ ਕਿਹਾ, ਜਦੋਂ ਉਸ ਨੇ ਇਸ ਤਰ੍ਹਾਂ ਕਰਨ ਤੋਂ ਮਨ੍ਹਾਂ ਕੀਤਾ ਤਾਂ ਉਸ ਦੇ ਸਹੁਰਾ ਪਰਿਵਾਰ ਨੇ ਉਸ ਨਾਲ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਉੱਪਰ ਅਤੇ ਮੂੰਹ ਵਿਚ ਡੀਜ਼ਲ ਪਾ ਕੇ ਅੱਗ ਲਗਾ ਦਿੱਤੀ ਅਤੇ ਉਸ ਨੇ ਭੱਜ ਕੇ ਘਰੋਂ ਬਾਹਰ ਪਿੰਡ ਵਿਚ ਰੌਲਾ ਪਾਇਆ ਤਾਂ ਪਿੰਡ ਵਾਲਿਆਂ ਨੇ ਉਸ ਨੂੰ ਪਹਿਲਾਂ ਕਰਤਾਰਪੁਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ, ਜਿੱਥੇ ਉਸ ਦੀ ਮਾਤਾ ਹਰਜਿੰਦਰ ਕੌਰ, ਉਸ ਦੀ ਭੂਆ ਪਰਮਜੀਤ ਕੌਰ, ਲੜਕੇ ਦੀ ਭੂਆ ਜਸਬੀਰ ਕੌਰ ਜੋ ਕਿ ਵਿਚੋਲਣ ਹੈ, ਉਨ੍ਹਾਂ ਨੇ ਲੜਕੀ ਨੂੰ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ, ਜਿੱਥੇ ਡਿਊਟੀ ਡਾਕਟਰ ਵਿਜੇ ਵਲੋਂ ਉਸ ਦਾ ਇਲਾਜ ਜਾਰੀ ਹੈ। ਇਸ ਸੰਬੰਧੀ ਐਮ. ਐਲ. ਆਰ. ਕੱਟ ਕੇ ਸੰਬੰਧਿਤ ਥਾਣੇ ਨੂੰ ਭੇਜ ਦਿੱਤੀ ਗਈ ਹੈ। ਲੜਕੀ ਦੀ ਮਾਤਾ ਅਤੇ ਭੂਆ ਵਲੋਂ ਮੰਗ ਕੀਤੀ ਗਈ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਪਿਛਲੇ ਕਾਫ਼ੀ ਸਮੇਂ ਤੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ |
;
;
;
;
;
;
;
;