ਕੇਂਦਰ ਸਰਕਾਰ ਅਮਰੀਕਾ-ਭਾਰਤ ਵਪਾਰ ਡੀਲ ਰੱਦ ਕਰੇ-ਸੰਯੁਕਤ ਕਿਸਾਨ ਮੋਰਚਾ ਪਠਾਨਕੋਟ
ਪਠਾਨਕੋਟ, 22 ਫਰਵਰੀ ( ਸੰਧੂ )-ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਤੇ ਐਮ. ਐਲ. ਏ. ਅਸ਼ਵਨੀ ਸ਼ਰਮਾ ਦੀ ਰਿਹਾਇਸ਼ ਸਾਹਮਣੇ ਧਰਨਾ ਮਾਰਿਆ ਗਿਆ। ਜਿਸ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਕੇਵਲ ਸਿੰਘ ਕੰਗ, ਦੁਆਬਾ ਕਿਸਾਨ ਸੰਘਰਸ਼ ਕਮੇਟੀ ਵਲੋਂ ਮਿਹਰ ਸਿੰਘ, ਕੁੱਲ ਹਿੰਦ ਕਿਸਾਨ ਸਭਾ ਵਲੋਂ ਕੇਵਲ ਕਾਲੀਆ, ਜਮਹੂਰੀ ਕਿਸਾਨ ਸਭਾ ਵਲੋਂ ਬਲਵੰਤ ਸਿੰਘ, ਕੁੱਲ ਹਿੰਦ ਕਿਸਾਨ ਸਭਾ ਅਜੇ ਭਵਨ ਵਲੋਂ ਇਕਬਾਲ ਸਿੰਘ ਨੇ ਕੀਤੀ। ਜਿਸ ਧਰਨੇ ਨੂੰ ਸਤ ਪ੍ਰਕਾਸ਼, ਦਲਜੀਤ ਸਿੰਘ ਮੰਜਪੁਰ, ਉਂਕਾਰ ਸਿੰਘ ਦੇ ਦੇਵੀਦਾਸ ਪੁਰ ਬੀਬੀ ਰਾਜਿੰਦਰ ਕੌਰ,ਰਾਮ ਸਿੰਘ ਸਾਗਰ ਸਿੰਘ, ਜੋਗਾ ਸਿੰਘ, ਬਲਦੇਵ ਰਾਜ ਭੋਆ ਕਾ ਪ੍ਰਕਾਸ਼ ਸਿੰਘ, ਨੇ ਸੰਬੋਧਨ ਕੀਤਾ।
ਟ੍ਰੇਡ ਯੂਨੀਅਨ ਵਲੋਂ ਕਾਮਰੇਡ ਬਿਕਰਮਜੀਤ, ਸੁਰਿੰਦਰ ਸਹਿਗਲ, ਕਾਮਰੇਡ ਨੱਥਾ ਸਿੰਘ, ਸ਼ਿਵ ਕੁਮਾਰ, ਸੁਭਾਸ਼ ਸ਼ਰਮਾ ਨੇ ਸੰਬੋਧਨ ਕੀਤਾ। ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ ਨਾਲ ਟ੍ਰੇਡ ਸਮਝੌਤਾ ਭਾਰਤ ਦੇ ਖੇਤੀ ਸੈਕਟਰ ਨੂੰ ਤਬਾਹ ਕਰ ਦੇਵੇਗਾ। ਰੂਸ ਕੋਲੋਂ ਤੇਲ ਨਾ ਖਰੀਦਣ ਅਤੇ ਵੇਂਜੁਵੇਲਾ ਕੋਲੋਂ ਤੇਲ ਖਰੀਦਣ ਦੀ ਸ਼ਰਤ ਭਾਰਤ ਦੀ ਪ੍ਰਭੂਸੱਤਾ ਉਤੇ ਹਮਲਾ ਹੈ। ਉਨ੍ਹਾਂ ਮੰਗ ਕੀਤੀ ਕਿ ਇਹ ਸਮਝੌਤਾ ਕੇਂਦਰ ਸਰਕਾਰ ਰੱਦ ਕਰੇ। ਬਿਜਲੀ ਸੋਧ ਬਿਲ 2025 ਕਿਸਾਨਾਂ ਮਜ਼ਦੂਰਾ ਤੇ ਗਰੀਬ ਲੋਕਾਂ ਦੀਆਂ ਸਹੂਲਤਾਂ ਤੇ ਸਬਸਿਡੀਆਂ ਖੋਹ ਲਵੇਗਾ। ਇਹ ਬਿਲ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣ ਵਾਲਾ ਹੈ। ਬੀਜ ਬਿਲ ਵੀ ਕਿਸਾਨਾਂ ਨੂੰ ਅਪਣਾ ਰੱਖਿਆ ਬੀਜ ਬੀਜਣ ਦੀ ਮਨਾਹੀ ਕਰਦਾ ਹੈ ਤੇ ਕਾਰਪੋਰੇਟ ਕੰਪਨੀਆਂ ਕੋਲੋਂ ਬੀਜ ਖਰੀਦਣ ਲਈ ਮਜਬੂਰ ਕਰਦਾ ਹੈ। ਮਨਰੇਗਾ ਦਾ ਨਾਂ ਬਦਲ ਕੇ ਨਵਾਂ ਬਣਾਇਆ ਕਨੂੰਨ ਮਜ਼ਦੂਰਾ ਕੋਲੋਂ ਰੁਜ਼ਗਾਰ ਦੀ ਗਾਰੰਟੀ ਖਤਮ ਕਰਦਾ ਹੈ ਤੇ ਮਜ਼ਦੂਰਾਂ ਦੀ ਰੋਜ਼ੀ ਰੋਟੀ ਖੋਂਹਦਾ ਹੈ। 29 ਲੇਬਰ ਲਾਅ ਖਤਮ ਕਰਕੇ ਚਾਰ ਕੋਡ ਬਣਾ ਦਿਤੇ ਹਨ ਜੋ ਮਜ਼ਦੂਰਾ ਦੇ ਹੱਕਾਂ ਤੇ ਰੁਜ਼ਗਾਰ ਦੀ ਰੱਖਵਾਲੀ ਨਹੀਂ ਕਰਦੇ। ਕੰਮ ਦਾ ਸਮਾਂ ਉਸੇ ਉਜਰਤ ਤੇ 8 ਘੰਟੇ ਤੋਂ 12 ਘੰਟੇ ਕਰ ਦਿੱਤੇ ਹਨ। ਇੰਨਾ ਸਮਾਂ ਕੰਮ ਕਰਨਾ ਮਜ਼ਦੂਰਾ ਦੇ ਵਸ ਦੀ ਗੱਲ ਨਹੀਂ ਹੈ। ਆਗੂਆਂ ਨੇ ਮੰਗ ਕੀਤੀ ਕਿ ਕਿਸਾਨ ਮਜ਼ਦੂਰ ਤੇ ਗਰੀਬ ਵਿਰੋਧੀ ਇਹ ਕਾਨੂੰਨ ਵਾਪਸ ਲਏ ਜਾਣ। ਤਿੱਖੇ ਸੰਘਰਸ਼ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦੇਣਗੇ।
;
;
;
;
;
;
;
;