ਵਿਆਹ ਵਾਲ਼ੇ ਲਾੜੇ ਨੇ ਜੰਝ ਚੜ੍ਹਨ ਤੋਂ ਪਹਿਲਾਂ ਬਰਾਤ ਸਮੇਤ ਪਾਈ ਵੋਟ
ਦਸੂਹਾ, 14 ਦਸੰਬਰ (ਭੁੱਲਰ)- ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਵਿੱਚ ਦਸੂਹਾ ਬਲਾਕ ਦੇ ਪਿੰਡ ਪੰਡੋਰੀ ਅਰਾਈਆਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਬਣੇ ਬੂਥ ਉੱਤੇ ਉਸ ਸਮੇਂ ਮਾਹੌਲ ਬੜਾ ਖੁਸ਼ਗਵਾਰ ਬਣ ਗਿਆ ਜਦੋਂ ਪਿੰਡ ਵਾਸੀ ਸੁਖਰਾਜ ਸਿੰਘ ਪੁੱਤਰ ਜਸਵਿੰਦਰ ਸਿੰਘ ਨੇ ਆਪਣੇ ਵਿਆਹ ਵਾਲ਼ੇ ਦਿਨ ਜੰਝ ਚੜ੍ਹਨ ਤੋਂ ਪਹਿਲਾਂ ਆਪਣੇ ਪਰਿਵਾਰ ਅਤੇ ਪੂਰੀ ਬਰਾਤ ਸਮੇਤ ਵੋਟ ਪਾਈ। ਇਸ ਮੌਕੇ ਲਾੜਾ ਸੁਖਰਾਜ ਸਿੰਘ ਆਪਣੇ ਘਰ ਤੋਂ ਤਿਆਰ ਹੋਣ ਉਪਰੰਤ ਸਿਹਰੇ ਸਜਾ ਕੇ ਬਰਾਤ ਸਮੇਤ ਬੂਥ ਤੇ ਪਹੁੰਚਿਆ ਅਤੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਮੌਕੇ ਪਿੰਡ ਵਾਸੀਆਂ ਨੇ ਲਾੜੇ ਵੱਲੋਂ ਆਪਣੀ ਨਿਭਾਈ ਡਿਊਟੀ ਦੀ ਸ਼ਲਾਘਾ ਕੀਤੀ ਚੋਣ ਅਮਲੇ ਦੇ ਪ੍ਰੀਜ਼ਾਈਡਿੰਗ ਅਫ਼ਸਰ ਇੰਦਰ ਸੁਖਦੀਪ ਸਿੰਘ ਓਢਰਾ, ਏ.ਪੀ.ਆਰ.ਓ. ਸ਼੍ਰੀ ਗੋਵਰਧਨ ਲਾਲ ਅਤੇ ਸਮੂਹ ਚੋਣ ਅਮਲੇ ਨੇ ਉਨ੍ਹਾਂ ਦੀ ਆਪਣੀ ਵੋਟ ਪਾਉਣ ਦੀ ਜ਼ਿੰਮੇਵਾਰੀ ਨੂੰ ਸਮਝਣ ਦੀ ਸ਼ਲਾਘਾ ਕੀਤੀ। ਇਸ ਮੌਕੇ ਹੋਰ ਵੀ ਸ਼ਖਸ਼ੀਅਤਾਂ ਹਾਜ਼ਰ ਸਨ ।
;
;
;
;
;
;
;
;