JALANDHAR WEATHER

ਸ੍ਰੀ ਮੁਕਤਸਰ ਸਾਹਿਬ ਵਿਖੇ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਜਪੁਜੀ ਸਾਹਿਬ ਦੇ ਸ਼ੁੱਧ ਉਚਾਰਨ ਅਤੇ ਕੰਠ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਬੱਚੇ ਸਨਮਾਨਿਤ

ਸ੍ਰੀ ਮੁਕਤਸਰ ਸਾਹਿਬ ,12 ਦਸੰਬਰ (ਰਣਜੀਤ ਸਿੰਘ ਢਿੱਲੋਂ)-ਨਿਰੋਲ ਸੇਵਾ ਸੰਸਥਾ ਸ੍ਰੀ ਮੁਕਤਸਰ ਸਾਹਿਬ ਵਲੋਂ ਪਿਛਲੇ 9 ਮਹੀਨਿਆਂ ਤੋਂ ਜ਼ਿਲ੍ਹੇ ਦੇ ਵੱਖ-ਵੱਖ 64 ਪਿੰਡਾਂ ਵਿਚ 85 ਸਕੂਲਾਂ ਦੇ 13 ਹਜ਼ਾਰ ਬੱਚਿਆਂ ਨੂੰ ਜਪੁਜੀ ਸਾਹਿਬ ਦੇ ਸ਼ੁੱਧ ਉਚਾਰਨ ਅਤੇ ਕੰਠ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਜੋੜਿਆ ਗਿਆ। ਅੱਜ ਫਾਈਨਲ ਮੁਕਾਬਲੇ ਦੇ ਵਿਚ ਪਹਿਲੀਆਂ 3 ਪੁਜੀਸ਼ਨਾਂ ਹਾਸਿਲ ਕਰਨ ਵਾਲੀਆਂ ਸਕੂਲੀ ਵਿਦਿਆਰਥਣਾਂ ਅੰਮ੍ਰਿਤਪਾਲ ਕੌਰ ਆਸਾ ਬੁੱਟਰ, ਲਵਪ੍ਰੀਤ ਕੌਰ ਕੁਰਾਈਵਾਲਾ ਅਤੇ ਹੁਸਨਜੋਤ ਕੌਰ ਗੁਰੂਸਰ ਨੂੰ ਭਾਈ ਮਸਤਾਨ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਏ ਸਨਮਾਨ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਗਿਆਨੀ ਕੁਲਦੀਪ ਸਿੰਘ ਗੜਗੱਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਗਿਆਨੀ ਸਾਹਿਬ ਸਿੰਘ ਸ਼ਾਹਬਾਦ ਮਾਰਕੰਡਾ ਵਾਲੇ ਅਤੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਵਲੋਂ ਸਨਮਾਨਿਤ ਕੀਤਾ ਗਿਆ। ਤਿੰਨਾਂ ਬੱਚੀਆਂ ਨੂੰ ਕਰਮਵਾਰ ਸਵਾ ਲੱਖ, ਇਕ ਲੱਖ ਅਤੇ 75 ਹਜ਼ਾਰ ਰੁਪਏ ਦੇ ਚੈੱਕ ਦੇਣ ਤੋਂ ਇਲਾਵਾ ਸਿਰਪਾਓ ਅਤੇ ਸਨਮਾਨ ਚਿੰਨ੍ਹ ਭੇਟ ਕੀਤੇ ਗਏ।

 

ਸਿੱਖੀ ਸਰੂਪ ਵਿਚ ਸਜੇ ਨੰਨ੍ਹੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸੈਮੀ ਫਾਈਨਲ ਵਿਚ ਪਹੁੰਚੇ 400 ਬੱਚਿਆਂ ਨੂੰ ਬੈਗ ਅਤੇ ਰਜਿਸਟਰ ਕਾਪੀਆਂ ਅਤੇ ਸਾਰੇ ਪ੍ਰਤੀਭਾਗੀਆਂ ਨੂੰ ਚਾਰ-ਚਾਰ ਰਜਿਸਟਰ ਕਾਪੀਆਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੰਸਥਾ ਦੇ ਮੁਖੀ ਡਾ: ਜਗਦੀਪ ਸਿੰਘ ਸੋਢੀ ਨੇ ਧਾਰਮਿਕ ਸ਼ਖ਼ਸੀਅਤਾਂ , ਸਹਿਯੋਗੀ ਸੰਸਥਾਵਾਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮਹੰਤ ਕਸ਼ਮੀਰ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨਿਰਮਲਜੀਤ ਸਿੰਘ, ਹੈੱਡ ਗ੍ਰੰਥੀ ਭਾਈ ਜਗਬੀਰ ਸਿੰਘ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ