ਖੱਡ ਵਿਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ, 9 ਦੀ ਮੌਤ
ਅਮਰਾਵਤੀ, 12 ਦਸੰਬਰ- ਆਂਧਰਾ ਪ੍ਰਦੇਸ਼ ਵਿਚ ਬੀਤੀ ਰਾਤ ਇਕ ਦਰਦਨਾਕ ਸੜਕ ਹਾਦਸੇ ਵਿਚ ਨੌਂ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਅਲੂਰੀ ਸੀਤਾਰਾਮ ਰਾਜੂ ਜ਼ਿਲ੍ਹੇ ਵਿਚ ਵਾਪਰਿਆ। ਜਾਣਕਾਰੀ ਅਨੁਸਾਰ ਚਿਤੂਰ ਜ਼ਿਲ੍ਹੇ ਤੋਂ ਆ ਰਹੀ ਇਕ ਨਿੱਜੀ ਬੱਸ ਕੰਟਰੋਲ ਗੁਆ ਬੈਠੀ ਅਤੇ ਖੱਡ ਵਿਚ ਡਿੱਗ ਗਈ। ਜਦੋਂ ਇਹ ਹਾਦਸਾ ਵਾਪਰਿਆ ਤਾਂ ਯਾਤਰੀ ਸੁੱਤੇ ਪਏ ਸਨ। ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਸਥਾਨਕ ਨਿਵਾਸੀਆਂ ਦੇ ਨਾਲ ਮਿਲ ਕੇ ਬਚਾਅ ਕਾਰਜ ਸ਼ੁਰੂ ਕੀਤਾ। ਬੱਸ ਯਾਤਰੀਆਂ ਨਾਲ ਭਰੀ ਹੋਈ ਸੀ।
ਦੱਸਿਆ ਜਾ ਰਿਹਾ ਹੈ ਕਿ ਬੱਸ ਭਦ੍ਰਾਚਲਮ ਵਿਚ ਇਕ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਅੰਨਾਵਰਮ ਜਾ ਰਹੀ ਸੀ। ਜ਼ਖਮੀਆਂ ਨੂੰ ਇਲਾਜ ਲਈ ਭਦ੍ਰਾਚਲਮ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀਆਂ ਅਨੁਸਾਰ ਦੋ ਡਰਾਈਵਰਾਂ ਸਮੇਤ 37 ਲੋਕਾਂ ਦਾ ਇਕ ਸਮੂਹ ਚਿਤੂਰ ਜ਼ਿਲ੍ਹੇ ਤੋਂ ਤੀਰਥ ਯਾਤਰਾ 'ਤੇ ਸੀ। ਪੁਲਿਸ ਨੂੰ ਸ਼ੱਕ ਹੈ ਕਿ ਡਰਾਈਵਰ ਨੇ ਤੁਲਸੀਪੱਕਾ ਨੇੜੇ ਨੌਵੇਂ ਮੀਲ ਪੱਥਰ 'ਤੇ ਇਕ ਤਿੱਖੇ ਮੋੜ 'ਤੇ ਕੰਟਰੋਲ ਗੁਆ ਦਿੱਤਾ,ਜਿਸ ਕਾਰਨ ਇਹ ਹਾਦਸਾ ਹੋਇਆ।
ਦੱਸ ਦੇਈਏ ਕਿ ਇਹ ਹਾਦਸਾ ਪਹਾੜੀਆਂ ਵਿਚ ਵਾਪਰਿਆ ਜਿਥੇ ਮੋਬਾਈਲ ਨੈੱਟਵਰਕ ਕਵਰੇਜ ਸੀਮਤ ਹੈ, ਇਸ ਲਈ ਜਾਣਕਾਰੀ ਅਧਿਕਾਰੀਆਂ ਤੱਕ ਪਹੁੰਚਣ ਵਿਚ ਕੁਝ ਸਮਾਂ ਲੱਗਿਆ, ਜੋ ਤੁਰੰਤ ਘਟਨਾ ਸਥਾਨ 'ਤੇ ਪਹੁੰਚੇ। ਹਾਦਸੇ ਦੇ ਕਾਰਨਾਂ ਅਤੇ ਮ੍ਰਿਤਕਾਂ ਦੀ ਪਛਾਣ ਦੀ ਜਾਂਚ ਕੀਤੀ ਜਾ ਰਹੀ ਹੈ।
;
;
;
;
;
;
;
;
;