ਪਿੰਡ ਕੱਕੜ ਕਲਾਂ ਤੋਂ ਪਿਸਤੌਲ, ਮੈਗਜ਼ੀਨ ਤੇ ਜ਼ਿੰਦਾ ਰੌਂਦ ਬਰਾਮਦ
ਚੋਗਾਵਾਂ/ਅੰਮ੍ਰਿਤਸਰ, 23 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਪਿੰਡ ਕੱਕੜ ਕਲਾਂ ਦੇ ਖੇਤਾਂ ਵਿਚ ਇਕ ਪਿਸਤੌਲ, 2 ਮੈਗਜ਼ੀਨ ਸਮੇਤ 6 ਜ਼ਿੰਦਾ ਰੌਂਦ ਬਰਾਮਦ ਕਰਨ ਦੀ ਖਬਰ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਲੋਪੋਕੇ ਦੇ ਮੁਖੀ ਸਤਪਾਲ ਸਿੰਘ ਛੀਨਾ ਨੇ ਦੱਸਿਆ ਕਿ ਪਿੰਡ ਕੱਕੜ ਕਲਾਂ ਦੇ ਕਸ਼ਮੀਰ ਸਿੰਘ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਉਹ ਆਪਣੇ ਖੇਤਾਂ ਵਿਚ ਝੋਨੇ ਦੀ ਕਟਾਈ ਕਰ ਰਹੇ ਸਨ। ਉਨ੍ਹਾਂ ਦੇ ਖੇਤਾਂ ਵਿਚ ਇਕ ਪੀਲੇ ਰੰਗ ਦਾ ਪੈਕੇਟ ਲਪੇਟਿਆ ਹੋਇਆ ਪਿਆ ਸੀ। ਕੱਕੜ ਚੌਕੀ ਦੇ ਮੁਖੀ ਅਮੋਲਕ ਸਿੰਘ ਤੇ ਪੁਲਿਸ ਪਾਰਟੀ ਵਲੋਂ ਮੌਕੇ ਉਤੇ ਪਹੁੰਚ ਕੇ ਉਕਤ ਪੀਲੇ ਪੈਕੇਟ ਨੂੰ ਖੋਲ੍ਹ ਕੇ ਵੇਖਿਆ ਗਿਆ ਤਾਂ ਉਸ ਵਿਚੋਂ ਇਕ ਪਿਸਤੌਲ 30 ਬੋਰ, 2 ਮੈਗਜ਼ੀਨ ਸਮੇਤ 6 ਜ਼ਿੰਦਾ ਰੌਂਦ ਬਰਾਮਦ ਹੋਏ। ਇਸ ਸੰਬੰਧੀ ਪੁਲਿਸ ਥਾਣਾ ਲੋਪੋਕੇ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਅਸਲਾ ਐਕਟ ਅਧੀਨ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।