ਪੰਜਾਬੀ ਟਰੱਕ ਡਰਾਇਵਰ ਨੇ ਨਸ਼ੇ ਦੀ ਹਾਲਤ ਵਿਚ ਦਰੜੇ 3 ਲੋਕ, 4 ਜ਼ਖ਼ਮੀ

ਸਾਨ ਫਰਾਂਸਿਸਕੋ, 23 ਅਕਤੂਬਰ (ਐਸ. ਅਸ਼ੋਕ ਭੌਰਾ)- ਹਾਲੇ ਹਰਜਿੰਦਰ ਸਿੰਘ ਦੇ ਯੂ-ਟਰਨ ਐਕਸੀਡੈਂਟ ਦਾ ਮਾਮਲਾ ਠੰਢਾ ਨਹੀਂ ਪਿਆ ਸੀ ਕਿ ਇਕ ਹੋਰ 21 ਸਾਲਾ ਪੰਜਾਬੀ ਡਰਾਇਵਰ ਨੇ ਤਿੰਨ ਬੇਕਸੂਰ ਲੋਕਾਂ ਦੀ ਜਾਨ ਲੈ ਕੇ ਡਰਾਇਵਰ ਭਾਈਚਾਰੇ ਖਾਸਕਰ ਪੰਜਾਬੀਆਂ ਲਈ ਅਮਰੀਕਾ ’ਚ ਹੋਰ ਕੰਡੇ ਵਿਛਾ ਕੇ ਨਿਰਾਸ਼ਾ ਪੈਦਾ ਕਰ ਦਿੱਤੀ ਹੈ ਤੇ ਨਸਲੀ ਭਿੰਨ ਭੇਦ ਕਰਨ ਵਾਲੇ ਲੋਕਾਂ ਨੂੰ ਭਾਰਤੀ ਲੋਕਾਂ ਵਿਰੁੱਧ ਨਫ਼ਰਤ ਦਾ ਜ਼ਹਿਰ ਕੱਢਣ ਦਾ ਮੌਕਾ ਫਿਰ ਮਿਲ ਗਿਆ ਹੈ। ਯੂਬਾ ਸਿਟੀ ਦੇ 21 ਸਾਲਾ ਨੌਜਵਾਨ ਜਸ਼ਨਪ੍ਰੀਤ ਵਜੋਂ ਪਛਾਣੇ ਗਏ ਸੈਮੀ-ਟਰੱਕ ਡਰਾਈਵਰ ਨੂੰ ਨਸ਼ੇ ਦੀ ਹਾਲਤ ਵਿਚ ਗੱਡੀ ਚਲਾਉਣ ਅਤੇ ਵਾਹਨ ਨਾਲ ਹੋਏ ਇਕ ਤਰਾਂ ਕਤਲ-ਏ-ਆਮ ਲਈ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਓਨਟਾਰੀਓ, ਕੈਲੀਫੋਰਨੀਆ ਵਿਚ 10 ਫ੍ਰੀਵੇਅ ’ਤੇ ਮੰਗਲਵਾਰ ਵਾਪਰੇ ਇਸ ਖਤਰਨਾਕ ਹਾਦਸੇ ਵਿਚ ਇਕ ਟਰੱਕ ਨੇ ਅਨੇਕਾਂ ਵਾਹਨਾਂ ਨੂੰ ਕੁਚਲਣ ਵਰਗੀ ਸਥਿਤੀ ਪੈਦਾ ਕੀਤੀ ਤੇ ਬ੍ਰੇਕ ਤੱਕ ਨਹੀਂ ਲਗਾਈ ਜਾਂ ਨਹੀਂ ਲੱਗੀ, ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਜਸ਼ਨਪ੍ਰੀਤ 2022 ਵਿਚ ਬਾਰਡਰ ਲੰਘ ਕੇ ਗਲਤ ਤਰੀਕੇ ਨਾਲ ਅਮਰੀਕਾ ’ਚ ਦਾਖਲ ਹੋਇਆ ਸੀ। ਇਸ ਦਿਲ ਕੰਬਾਊ ਹਾਦਸੇ ਵਿਚ ਤਿੰਨ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਅਤੇ ਚਾਰ ਹੋਰ ਜ਼ਖਮੀ ਹੋ ਗਏ ਦੱਸੇ ਜਾ ਰਹੇ ਹਨ। ਹਾਦਸਾ ਡੈਸ਼ਕੈਮ ਵੀਡੀਓ ’ਤੇ ਕੈਦ ਹੋ ਗਿਆ। ਫੁਟੇਜ ਵਿਚ ਸਾਫ ਦਿਖਾਈ ਦੇ ਰਿਹਾ ਸੀ ਕਿ ਇਕ ਸੈਮੀ-ਟਰੱਕ ਇਕ ਐਸ. ਯੂ. ਵੀ. ਦੇ ਪਿੱਛੇ ਟਕਰਾਉਂਦਾ ਹੈ ਅਤੇ ਫਿਰ ਉਸੇ ਲੇਨ ਵਿਚ ਕਈ ਹੋਰ ਵਾਹਨਾਂ ਨੂੰ ਧੱਕਦਿਆਂ ਬੁਰੀ ਤਰ੍ਹਾਂ ਟੱਕਰ ਮਾਰਦਾ ਹੈ ਤੇ ਕਈ ਵਾਹਨਾਂ, ਜਿਨ੍ਹਾਂ ’ਚੋ ਕੁਝ ਨੂੰ ਅੱਗ ਲੱਗਣ ਦੀ ਵੀ ਖਬਰ ਹੈ, ਨੂੰ ਦਰੜਦਿਆਂ ਦੂਜੇ ਪਾਸੇ ਖੜੇ ਇਕ ਟਰੱਕ ਨਾਲ ਟਕਰਾ ਕੇ ਰੁਕ ਜਾਂਦਾ ਹੈ। ਕੈਲੀਫੋਰਨੀਆ ਹਾਈਵੇਅ ਪੈਟਰੋਲ ਅਫਸਰ ਰੋਡਰਿਜੋ ਜੀਮੇਨਜ਼ ਅਨੁਸਾਰ ਮੈਡੀਕਲ ਜਾਂਚ ਉਪਰੰਤ ਨਸ਼ਾ ਕੀਤੇ ਜਾਣ ਦਾ ਤਸਦੀਕ ਕੀਤਾ ਗਿਆ ਹੈ। ਪੀੜਤਾਂ ਵਿਚੋਂ ਇਕ ਦੀ ਪਛਾਣ ਅੱਪਲੈਂਡ ਦੇ 54 ਸਾਲਾ ਵਿਅਕਤੀ ਵਜੋਂ ਹੋਈ ਹੈ ਪਰ ਉਸਦਾ ਨਾਮ ਜਾਰੀ ਨਹੀਂ ਕੀਤਾ ਗਿਆ ਜਦੋਂ ਕਿ ਬਾਕੀ ਦੋ ਦੇ ਹਾਦਸੇ ਵਿਚ ਬੁਰੀ ਤਰ੍ਹਾਂ ਸੜ ਜਾਣ ਕਾਰਨ ਹਾਲੇ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ। ਟਰੱਕ ਅੰਦਰ ਤਕਨੀਕੀ ਨੁਕਸ ਪੈਣ ਦੇ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਵੀ ਕੀਤੀ ਜਾ ਰਹੀ ਹੈ। ਫਰੀਵੇਅ ’ਤੇ ਹਾਦਸੇ ਕਾਰਨ ਕਈ ਘੰਟਿਆਂ ਤੱਕ ਲੰਮੇ ਜਾਮ ’ਚ ਲੋਕ ਪ੍ਰੇਸ਼ਾਨ ਵੀ ਹੁੰਦੇ ਰਹੇ।