ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਦਾ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਨਮਾਨ

ਅੰਮ੍ਰਿਤਸਰ, 22 ਅਕਤੂਬਰ (ਜਸਵੰਤ ਸਿੰਘ ਜੱਸ)- ਪੰਥ ਦੇ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ, ਜੋ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੋਂ ਲੈ ਕੇ ਬੰਦੀ ਛੋੜ ਦਿਵਸ ਦਿਵਾਲੀ ਤੱਕ 6 ਅਕਤੂਬਰ ਤੋਂ 22 ਅਕਤੂਬਰ ਤੱਕ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਵਿਚਾਰਾਂ ਦੀ ਸੇਵਾ ਨਿਭਾਅ ਰਹੇ ਸਨ, ਦਾ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਅਤੇ ਹੋਰ ਸਿੱਖ ਜਥੇਬੰਦੀਆਂ ਵਲੋਂ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਧਾਮੀ ਅਤੇ ਗਿਆਨੀ ਰਘਬੀਰ ਸਿੰਘ ਵਲੋਂ ਗਿਆਨੀ ਪਿੰਦਰਪਾਲ ਸਿੰਘ ਵਲੋਂ ਨਿਭਾਈਆਂ ਜਾ ਰਹੀਆਂ ਗੁਰਮਤਿ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ ਅਤੇ ਉਨ੍ਹਾਂ ਨੂੰ ਸ੍ਰੀ ਸਾਹਿਬ, ਸਿਰੋਪਾਓ, ਦੁਸ਼ਾਲਾ ਅਤੇ ਸ੍ਰੀ ਦਰਬਾਰ ਸਾਹਿਬ ਦਾ ਸੁਨਹਿਰੀ ਮਾਡਲ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਗਿਆਨੀ ਸੁਲਤਾਨ ਸਿੰਘ, ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਭਾਈ ਅਮਰਜੀਤ ਸਿੰਘ ਚਾਵਲਾ ਭਾਈ ਰਜਿੰਦਰ ਸਿੰਘ ਮਹਿਤਾ, ਅਜੈਬ ਸਿੰਘ ਅਭਿਆਸੀ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਮੈਨੇਜਰ ਭਗਵੰਤ ਸਿੰਘ ਧੰਗੇੜਾ ਵਧੀਕ ਸਕੱਤਰ ਸਰਦਾਰ ਮਥਰੇਵਾਲ ਸਮੇਤ ਹੋਰ ਪ੍ਰਮੁੱਖ ਪੰਥਕ ਸ਼ਖਸ਼ੀਅਤਾਂ ਅਤੇ ਸੰਗਤਾਂ ਹਾਜ਼ਰ ਸਨ।ਜ਼ਿਕਰ ਯੋਗ ਹੈ ਕਿ ਗਿਆਨੀ ਪਿੰਦਰਪਾਲ ਸਿੰਘ ਸ੍ਰੀ ਗੁਰੂ ਰਾਮਦਾਸ ਜੀ ਦੇ ਅਵਤਾਰ ਪੁਰਬ ਅਤੇ ਬੰਦੀ ਛੋੜ ਦਿਵਸ ਮੌਕੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਾਉਣ ਲਈ ਪਿਛਲੇ ਕੁਝ ਸਾਲਾਂ ਤੋਂ ਅਮਰੀਕਾ ਤੋਂ ਵਿਸ਼ੇਸ਼ ਤੌਰ ’ਤੇ ਅੰਮ੍ਰਿਤਸਰ ਪੁੱਜ ਰਹੇ ਹਨ।