ਪੁਲਿਸ ਨਾਲ ਝੜਪ ਕਾਰਨ ਪ੍ਰਸ਼ਾਸਨ ਖਿਲਾਫ ਲਗਾਇਆ ਧਰਨਾ

ਜੰਡਿਆਲਾ ਮੰਜਕੀ, 22 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)-ਨੂਰਮਹਿਲ ਦੇ ਮੁਹੱਲਾ ਖ਼ਟੀਕਾਂ ਵਿਚ ਦੀਵਾਲੀ ਮੌਕੇ ਪੁਲਿਸ ਅਤੇ ਲੋਕਾਂ ਵਿਚਕਾਰ ਝੜਪ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਸੱਤਾਧਾਰੀ ਅਤੇ ਹੋਰ ਵੱਖ-ਵੱਖ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਨੇ ਨੂਰਮਹਿਲ ਥਾਣੇ ਨੂੰ ਘੇਰ ਕੇ ਧਰਨਾ ਲਗਾ ਦਿੱਤਾ ਅਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸੁਣਵਾਈ ਨਾ ਹੁੰਦੀ ਵੇਖ ਕੇ ਧਰਨਾਕਾਰੀਆਂ ਨੇ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਅਤੇ ਤਲਵਣ ਚੌਕ ਵਿਚ ਧਰਨਾ ਲਗਾਇਆ।
ਧਰਨਾਕਾਰੀਆਂ ਦੀ ਮੰਗ ਸੀ ਕਿ ਪੁਲਿਸ ਨੇ ਰਾਤ ਨੂੰ ਗਰੀਬ ਲੋਕਾਂ ਉੱਪਰ ਤਸ਼ੱਦਦ ਕੀਤਾ ਅਤੇ ਮੰਗ ਕੀਤੀ ਕਿ ਜਿਨ੍ਹਾਂ ਅਫ਼ਸਰਾਂ ਨੇ ਇਸ ਘਿਣੌਨੀ ਹਰਕਤ ਨੂੰ ਅੰਜਾਮ ਦਿੱਤਾ, ਉਨ੍ਹਾਂ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ। ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਬਸਪਾ ਆਗੂ ਜਗਦੀਸ਼ ਸ਼ੇਰਪੁਰੀ ਦੀ ਡੀ.ਐਸ.ਪੀ. ਨਾਲ ਤਿੱਖੀ ਬਹਿਸ ਹੋ ਗਈ। ਆਖਰ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਡੀ.ਐੱਸ.ਪੀ. ਨਕੋਦਰ ਸੁਖਪਾਲ ਸਿੰਘ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਰਾਤ ਸਮੇਂ ਪੁਲਿਸ ਵਲੋਂ ਕੀਤੀ ਵਧੀਕੀ ਬਾਰੇ ਦੱਸਿਆ। ਉਪਰੰਤ ਡੀ.ਐਸ.ਪੀ. ਸੁਖਪਾਲ ਸਿੰਘ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਤ ਨੂੰ ਜੋ ਹੋਇਆ, ਉਹ ਪੁਲਿਸ ਅਤੇ ਲੋਕਾਂ ਦੀ ਗਲਤਫਹਿਮੀ ਸੀ, ਜਿਸ ਕਾਰਨ ਇਹ ਸਭ ਕੁਝ ਹੋਇਆ। ਉਨ੍ਹਾਂ ਕਿਹਾ ਕਿ ਮੈਂ ਦੋਵਾਂ ਪਾਸਿਆਂ ਦੀਆਂ ਵੀਡੀਓ ਵੇਖ ਲਈਆਂ ਹਨ ਤੇ ਹੁਣ ਪੁਲਿਸ ਕੋਈ ਕਾਰਵਾਈ ਨਹੀਂ ਕਰੇਗੀ। ਉਹ ਫੱਟੜ ਹੋਏ ਲੋਕਾਂ ਨੂੰ ਵੇਖਣ ਵੀ ਗਏ।
ਇਸ ਮੌਕੇ ਕਾਂਗਰਸ ਆਗੂ ਬਲਜੀਤ ਸਿੰਘ ਜੌਹਲ, ਬਸਪਾ ਆਗੂ ਗੁਰਮੇਲ ਚੁੰਬਰ, ਜਗਦੀਸ਼ ਸ਼ੇਰਪੁਰੀ, ਦਵਿੰਦਰ ਕੁਮਾਰ ਸੰਧੂ, ਸੁਖਦੇਵ ਲੰਗਾਹ, ਗੁਰਦੀਪ ਸਿੰਘ ਥੰਮਨਵਾਲ, ਅਕਾਲੀ ਆਗੂ ਸੁਖਦੇਵ ਸਿੰਘ ਗਹੀਰ, ਦਵਿੰਦਰ ਪਾਲ ਚਾਹਲ, ਸ਼ਾਮ ਮਿੱਤੂ, ਪਰਮਜੀਤ ਪੰਮਾ ਚਾਹਲ, ਸੁਰਿੰਦਰ ਪਾਲ ਸੁੰਨੜ, ਸੁਭਾਸ਼ ਚੰਦਰ ਭਾਸ਼ਾ, ਸਾਬਕਾ ਕੌਂਸਲਰ ਰਕੇਸ਼ ਕਲੇਰ, ਹੰਸ ਰਾਜ ਸਿੱਧੂ, ਦੇਵ ਰਾਜ ਸੁਮਨ, ਸਾਬਕਾ ਕੌਂਸਲਰ ਬਬੀਤਾ ਕਲੇਰ, ਸ਼ਹਿਰ ਨਿਵਾਸੀ ਅਤੇ ਇਲਾਕੇ ਦੇ ਪਿੰਡਾਂ ਦੇ ਲੋਕ ਹਾਜ਼ਰ ਸਨ।