ਪੁਲਿਸ ਵਲੋਂ ਦੋ ਗਲੌਕ ਪਿਸਤੌਲਾਂ, ਜ਼ਿਜ਼ੰਦਾ ਰੌਂਦ,ਮੈਗਜ਼ੀਨ ਸਮੇਤ ਇਕ ਗ੍ਰਿਫਤਾਰ

ਟਾਹਲੀ ਸਾਹਿਬ (ਅੰਮ੍ਰਿਤਸਰ), 15 ਅਕਤੂਬਰ (ਵਿਨੋਦ ਭੀਲੋਵਾਲ) - ਮਨਿੰਦਰ ਸਿੰਘ ਆਈ.ਪੀ.ਐਸ.,ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਤੇ ਗੁਰਿੰਦਰਪਾਲ ਸਿੰਘ ਡੀ.ਐਸ.ਪੀ (ਡੀ) ਦੀ ਅਗਵਾਈ ਹੇਠ ਸਪੈਸ਼ਲ ਸੈੱਲ ਅੰਮ੍ਰਿਤਸਰ ਦਿਹਾਤੀ ਵਲੋਂ ਇਕ ਹੋਰ ਵੱਡੀ ਕਾਮਯਾਬੀ ਹਾਸਿਲ ਕਰਦਿਆਂ 2 ਗਲੌਕ ਪਿਸਤੌਲਾਂ, 9 ਜ਼ਿੰਦਾ ਰੌਂਦ 9 ਐਮ.ਐਮ ਅਤੇ 2 ਮੈਗਜ਼ੀਨ ਸਮੇਤ ਗੁਰਵਿੰਦਰ ਸਿੰਘ ਉਰਫ ਰਾਣਾ ਪੁੱਤਰ ਲਖਵਿੰਦਰ ਸਿੰਘ ਵਾਸੀ ਉਦੋਕੇ ਖੁਰਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗੁਰਿੰਦਰਪਾਲ ਸਿੰਘ ਡੀ.ਐਸ.ਪੀ (ਡੀ) ਨੇ ਦੱਸਿਆ ਕਿ ਸਪੈਸ਼ਲ ਸੈੱਲ ਅੰਮ੍ਰਿਤਸਰ ਦਿਹਾਤੀ ਦੀ ਟੀਮ ਵਲੋਂ ਗਸ਼ਤ ਦੌਰਾਨ ਪੁਲ ਡਰੇਨ ਮੱਤੇਵਾਲ ਨੇੜੇ ਕਾਰਵਾਈ ਕਰਦਿਆਂ ਗੁਰਵਿੰਦਰ ਸਿੰਘ ਉਰਫ ਰਾਣਾ ਨੂੰ ਉਪਰੋਕਤ ਰਿਕਵਰੀ ਸਮੇਤ ਕਾਬੂ ਕੀਤਾ ਗਿਆ। ਗ੍ਰਿਫਤਾਰ ਦੋਸ਼ੀ ਦੇ ਅਗਲੇ ਤੇ ਪਿਛਲੇ ਲਿੰਕਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਹੋਰ ਕੋਈ ਵੀਂ ਵਿਅਕਤੀ ਇਸ ਨੈੱਟਵਰਕ ਨਾਲ ਜੁੜਿਆ ਪਾਇਆ ਗਿਆ, ਉਸ ਉੱਪਰ ਵੀਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਕਤ ਦੋਸ਼ੀ ਖ਼ਿਲਾਫ ਥਾਣਾ ਮੱਤੇਵਾਲ ਵਿਖੇ ਮੁਕੱਦਮਾ ਨੰਬਰ 52 ਜੁਰਮ 25(8)-54-59 ਅਸਲਾ ਐਕਟ ਤਹਿਤ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।