ਪਿੰਡ ਦੀ ਸੜਕ ਦੀ ਹਾਲਤ ਨੂੰ ਲੈ ਕੇ ਭਖਿਆ ਵਿਵਾਦ, ਲੋਕਾਂ ਵਲੋਂ ਫਿਰੋਜ਼ਪੁਰ-ਫ਼ਾਜ਼ਿਲਕਾ ਹਾਈਵੇਅ ਜਾਮ

ਮੰਡੀ ਘੁਬਾਇਆ, 20 ਸਤੰਬਰ (ਅਮਨ ਬਵੇਜਾ)- ਜਲਾਲਾਬਾਦ ਅਧੀਨ ਪੈਂਦੀ ਮੰਡੀ ਘੁਬਾਇਆ ਦੇ ਪਿੰਡ ਦੀ ਮੁੱਖ ਸੜਕ ਦੇ ਹਾਲਾਤ ਖਸਤਾ ਹੋਣ ਦੇ ਚਲਦਿਆਂ ਪਿਛਲੇ ਦਿਨੀਂ ਸਥਾਨਕ ਦੁਕਾਨਦਾਰਾਂ ਵਲੋਂ ਸਾਬਕਾ ਵਿਧਾਇਕ ਰਮਿੰਦਰ ਆਂਵਲਾ ਨੂੰ ਰੋਕ ਕੇ ਮੰਗ ਕੀਤੀ ਗਈ ਸੀ ਕਿ ਉਨ੍ਹਾਂ ਦੀ ਸੜਕ ਦੀ ਮੁਰੰਮਤ ਕਰਵਾਈ ਜਾਵੇ ਕਿਉਂਕਿ ਸੜਕ ਟੁੱਟੀ ਹੋਣ ਕਰਕੇ ਇਕ ਤਾਂ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ, ਇਸ ਦੇ ਨਾਲ ਹੀ ਦੁਕਾਨਦਾਰਾਂ ਨੂੰ ਧੂੜ ਮਿੱਟੀ ਦੀ ਬਹੁਤ ਸਮੱਸਿਆ ਆ ਰਹੀ ਸੀ ਅਤੇ ਰਮਿੰਦਰ ਆਂਵਲਾ ਵਲੋਂ ਮੌਕੇ ਉਤੇ ਹੀ ਇਸ ਕੰਮ ਨੂੰ ਨੇਪਰੇ ਚਾੜ੍ਹਨ ਦਾ ਭਰੋਸਾ ਦਿੱਤਾ ਗਿਆ ਸੀ ਕਿ ਇਸ ਕੰਮ ਨੂੰ ਜਲਦੀ ਮੁਕੰਮਲ ਕੀਤਾ ਜਾਵੇਗਾ ਅਤੇ ਅੱਜ ਜਦੋਂ ਉਨ੍ਹਾਂ ਵਲੋਂ ਸੜਕ ਦੀ ਮੁਰੰਮਤ ਦਾ ਮਟੀਰੀਅਲ ਭੇਜਿਆ ਗਿਆ ਤਾਂ ਉਥੇ ਮੌਕੇ ਉਤੇ ਪੁਲਿਸ ਪਹੁੰਚ ਗਈ ਅਤੇ ਪੀ.ਡਬਲਿਊ.ਡੀ. ਵਿਭਾਗ ਵਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਸਰਕਾਰੀ ਸੜਕ ਉੱਪਰ ਇਸ ਤਰ੍ਹਾਂ ਕੋਈ ਵੀ ਵਿਅਕਤੀ ਵਿਸ਼ੇਸ਼ ਮਟੀਰੀਅਲ ਨਹੀਂ ਪਾ ਸਕਦਾ ਜਾਂ ਇਸ ਦੀ ਮੁਰੰਮਤ ਦੇ ਅਖਤਿਆਰ ਨਹੀਂ ਹਨ, ਜਿਸ ਕਰਕੇ ਉਹ ਕੰਮ ਉਥੇ ਮੌਕੇ ਉਤੇ ਰੋਕ ਦਿੱਤਾ ਗਿਆ, ਜਿਸ ਤੋਂ ਬਾਅਦ ਗੁੱਸੇ ਵਿਚ ਆਏ ਸਥਾਨਕ ਵਾਸੀਆਂ ਅਤੇ ਦੁਕਾਨਦਾਰਾਂ ਅਤੇ ਰਮਿੰਦਰ ਆਂਵਲਾ ਦੇ ਸਮਰਥਕਾਂ ਨੇ ਫਿਰੋਜ਼ਪੁਰ-ਫ਼ਾਜ਼ਿਲਕਾ ਹਾਈਵੇ ਜਾਮ ਕਰਕੇ ਵਿਭਾਗ ਖਿਲਾਫ ਰੋਸ ਮੁਜ਼ਾਹਰਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀ ਮੰਗ ਹੈ ਕਿ ਚੱਲ ਰਹੇ ਕੰਮ ਨੂੰ ਬੰਦ ਨਾ ਕੀਤਾ ਜਾਵੇ ਅਤੇ ਕੰਮ ਨਿਰਵਿਘਨ ਚੱਲਣ ਦਿੱਤਾ ਜਾਵੇ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।