27 ਮਹੀਨਿਆਂ ਤੋਂ ਫਰਾਰ ਨਸ਼ਾ ਤਸਕਰ ਚੜ੍ਹਿਆ ਪੁਲਿਸ ਅੜਿੱਕੇ

ਕਰਨਾਲ, 20 ਸਤੰਬਰ (ਗੁਰਮੀਤ ਸਿੰਘ ਸੱਗੂ)-ਹਰਿਆਣਾ ਸਟੇਟ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਅੰਬਾਲਾ ਯੂਨਿਟ ਨੇ 27 ਮਹੀਨਿਆਂ ਤੋਂ ਫਰਾਰ ਚੱਲ ਰਹੇ ਇਨਾਮੀ ਨਸ਼ਾ ਤਸਕਰ ਰਾਜਿੰਦਰ (ਪੁੱਤਰ ਰਾਮਦੀਆ), ਨਿਵਾਸੀ ਸਮਾਲਖਾ (ਜ਼ਿਲ੍ਹਾ ਪਾਣੀਪਤ) ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੂੰ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦੇ ਰਿਮਾਂਡ ਉਤੇ ਲਿਆ ਹੈ। ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਰਾਜਿੰਦਰ ਆਪਣੇ ਸਾਥੀਆਂ ਨਾਲ ਮਿਲ ਕੇ ਗੈਰ-ਕਾਨੂੰਨੀ ਗਾਂਜੇ ਦੀ ਤਸਕਰੀ ਵਿਚ ਸ਼ਾਮਿਲ ਸੀ। 3 ਜੂਨ 2023 ਨੂੰ ਤਰਾਵੜੀ (ਜ਼ਿਲ੍ਹਾ ਕਰਨਾਲ) ਤੋਂ ਉਸ ਦੀ ਸਾਥੀ ਮੀਰਾ ਨੂੰ 25 ਕਿਲੋ 600 ਗ੍ਰਾਮ ਗਾਂਜੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ।
ਉਸ ਸਮੇਂ ਤੋਂ ਮੁੱਖ ਮੁਲਜ਼ਮ ਰਾਜਿੰਦਰ ਫਰਾਰ ਸੀ ਅਤੇ ਉਸ ‘ਤੇ 10 ਹਜ਼ਾਰ ਰੁਪਏ ਦਾ ਇਨਾਮ ਐਲਾਨ ਕੀਤਾ ਗਿਆ ਸੀ। ਪੁਲਿਸ ਬੁਲਾਰੇ ਮੁਤਾਬਕ ਮੁਲਜ਼ਮ ਨੂੰ ਕਾਬੂ ਕਰਕੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਉਸਨੂੰ ਇਕ ਦਿਨ ਦੇ ਰਿਮਾਂਡ ’ਤੇ ਭੇਜਿਆ ਗਿਆ ਹੈ, ਜਿਸ ਨਾਲ ਗੰਭੀਰ ਪੁੱਛਗਿੱਛ ਕਰਕੇ ਗਾਂਜੇ ਦੀ ਤਸਕਰੀ ਦੇ ਨੈੱਟਵਰਕ ਅਤੇ ਸਪਲਾਈ-ਵੰਡ ਪ੍ਰਣਾਲੀ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਬਿਊਰੋ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਸ਼ੇ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਟੋਲ-ਫ੍ਰੀ ਨੰਬਰ 1933, ਆਨਲਾਈਨ ਪੋਰਟਲ ncbmanas.gov.in ਜਾਂ ਹਰਿਆਣਾ ਐਨ.ਸੀ.ਬੀ. ਹੈਲਪਲਾਈਨ 90508-91508 ‘ਤੇ ਸਾਂਝੀ ਕੀਤੀ ਜਾਵੇ ਤਾਂ ਜੋ ਤਸਕਰਾਂ ਖ਼ਿਲਾਫ਼ ਕਾਰਵਾਈ ਕਰਕੇ ਉਨ੍ਹਾਂ ਨੂੰ ਕਾਨੂੰਨ ਦੇ ਹਵਾਲੇ ਕੀਤਾ ਜਾ ਸਕੇ।