ਟਰੱਕ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਮਾਰੀ ਟੱਕਰ, ਗੰਭੀਰ ਜ਼ਖਮੀ

ਜੈਂਤੀਪੁਰ, 16 ਸਤੰਬਰ (ਭੁਪਿੰਦਰ ਸਿੰਘ ਗਿੱਲ)-ਕਸਬੇ ਤੋਂ ਥੋੜ੍ਹੀ ਦੂਰ ਪੈਂਦੇ ਪਿੰਡ ਅਲਕੜੇ ਨੇੜੇ ਇਕ ਟਰੱਕ ਤੇ ਮੋਟਰਸਾਈਕਲ ਦੀ ਆਹਮੋ-ਸਾਹਮਣੀ ਹੋਈ ਟੱਕਰ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਦੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਜ਼ਖਮੀ ਹੋਏ ਨੌਜਵਾਨ ਦੀ ਪਛਾਣ ਵਿਵੇਕਸ਼ੀਲ ਸਿੰਘ ਵਾਸੀ ਅਬਦਾਲ ਜੋ ਕਿ ਆਪਣੇ ਪਿੰਡ ਤੋਂ ਕੱਥੂਨੰਗਲ ਸਾਈਡ ਨੂੰ ਆਪਣੇ ਮੋਟਰਸਾਈਕਲ ਸਪਲੈਂਡਰ ਉਤੇ ਸਵਾਰ ਹੋ ਕੇ ਆ ਰਿਹਾ ਸੀ, ਜਦੋਂ ਉਹ ਪਿੰਡ ਅਲਕੜੇ ਦੇ ਕੋਲ ਪੁੱਜਾ ਤਾਂ ਅੱਗੇ ਗਲਤ ਸਾਈਡ ਤੋਂ ਆ ਰਹੇ ਤੇਜ਼ ਰਫਤਾਰ ਟਰੱਕ ਨੇ ਸਿੱਧੀ ਟੱਕਰ ਮਾਰ ਦਿੱਤੀ ਅਤੇ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।
ਗੰਭੀਰ ਰੂਪ ਵਿਚ ਜ਼ਖਮੀ ਹੋਇਆ ਨੌਜਵਾਨ ਤੜਫਦਾ ਰਿਹਾ, ਜਿਸ ਉਤੇ ਰਾਹਗੀਰਾਂ ਵਲੋਂ ਪੁਲਿਸ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ। ਮੌਕੇ ਉਤੇ ਪਹੁੰਚੇ ਏ.ਐਸ.ਆਈ. ਧਰਮਿੰਦਰ ਸਿੰਘ, ਏ.ਐਸ.ਆਈ ਜਸਬੀਰ ਸਿੰਘ, ਸੜਕ ਸੁਰੱਖਿਆ ਤੋਂ ਏ.ਐਸ.ਆਈ. ਸਤਨਾਮ ਸਿੰਘ, ਜਸਮੀਨ ਕੌਰ, ਹੈੱਡ ਕਾਂਸਟੇਬਲ ਰੋਬਿਨਜੀਤ ਸਿੰਘ, ਦਵਿੰਦਰ ਸਿੰਘ ਵਲੋਂ ਪਹੁੰਚ ਕੇ ਜ਼ਖਮੀ ਹੋਏ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਦੋਵਾਂ ਵ੍ਹੀਕਲਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।