ਸਾਬਕਾ ਸੰਸਦ ਮੈਂਬਰ ਮਹਿੰਦਰ ਕੇ.ਪੀ. ਦੇ ਪੁੱਤਰ ਦੀ ਦੇਰ ਰਾਤ ਹਾਦਸੇ 'ਚ ਮੌਤ

ਜਲੰਧਰ, 14 ਸਤੰਬਰ-ਜਲੰਧਰ ਤੋਂ ਇਕ ਦੁਖਦਾਈ ਖ਼ਬਰ ਆਈ ਹੈ। ਜਿਥੇ ਸ਼ਨੀਵਾਰ ਦੇਰ ਰਾਤ ਨੂੰ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ, ਪੰਜਾਬ ਦੇ ਸਾਬਕਾ ਸੰਸਦ ਮੈਂਬਰ ਅਤੇ ਦੋ ਵਾਰ ਕੈਬਨਿਟ ਮੰਤਰੀ ਮਹਿੰਦਰ ਸਿੰਘ ਕੇ.ਪੀ. ਦੇ ਪੁੱਤਰ 36 ਸਾਲਾ ਰਿਚੀ ਕੇਪੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਸ਼ਨੀਵਾਰ ਰਾਤ ਮਾਡਲ ਟਾਊਨ ਦੇ ਮਾਤਾ ਰਾਣੀ ਚੌਕ ਨੇੜੇ ਇਕ ਤੇਜ਼ ਰਫ਼ਤਾਰ ਕ੍ਰੇਟਾ ਕਾਰ ਨੇ ਫਾਰਚੂਨਰ ਸਮੇਤ ਤਿੰਨ ਕਾਰਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰਾਂ ਦੇ ਏਅਰਬੈਗ ਖੁੱਲ੍ਹ ਗਏ।
ਰਿਚੀ ਆਪਣੀ ਫਾਰਚੂਨਰ ਕਾਰ ਵਿਚ ਸੀ। ਲਗਭਗ 11 ਵਜੇ ਉਸਨੂੰ ਪਹਿਲਾਂ ਗਲੋਬਲ ਹਸਪਤਾਲ ਲਿਜਾਇਆ ਗਿਆ। ਉਥੋਂ ਉਸਨੂੰ ਪਟੇਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉਥੇ ਡਾਕਟਰਾਂ ਨੇ ਰਿਚੀ ਕੇ.ਪੀ. ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਸਦੀ ਮੌਤ ਗਰਦਨ ਦੇ ਮਣਕੇ ਟੁੱਟਣ ਕਾਰਨ ਹੋਈ। ਹਾਦਸੇ ਤੋਂ ਬਾਅਦ ਕ੍ਰੇਟਾ ਡਰਾਈਵਰ ਮੌਕੇ ਤੋਂ ਭੱਜ ਗਿਆ। ਇਸ ਤੋਂ ਇਲਾਵਾ ਦੋ ਹੋਰ ਲੋਕ ਵੀ ਜ਼ਖਮੀ ਹੋ ਗਏ ਹਨ। ਉਸਨੂੰ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਥਾਣਾ ਨੰਬਰ 6 ਦੀ ਪੁਲਿਸ ਨੇ ਸੀ.ਸੀ.ਟੀ.ਵੀ. ਫੁਟੇਜ ਸਕੈਨ ਕਰਕੇ ਕ੍ਰੇਟਾ ਕਾਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਰਿਚੀ ਦੀ ਮੌਤ ਤੋਂ ਬਾਅਦ ਪਰਿਵਾਰ ਵਿਚ ਸੋਗ ਦੀ ਲਹਿਰ ਦੌੜ ਗਈ। ਖ਼ਬਰ ਮਿਲਦੇ ਹੀ ਲੋਕ ਉਸਦੇ ਘਰ ਪਹੁੰਚਣੇ ਸ਼ੁਰੂ ਹੋ ਗਏ। ਦੇਰ ਰਾਤ ਤੱਕ ਸਿਆਸਤਦਾਨ ਮਹਿੰਦਰ ਸਿੰਘ ਕੇ.ਪੀ. ਦੇ ਘਰ ਦੁੱਖ ਪ੍ਰਗਟ ਕਰਨ ਅਤੇ ਉਸਨੂੰ ਹੌਸਲਾ ਦੇਣ ਲਈ ਪਹੁੰਚਦੇ ਰਹੇ।
ਚਸ਼ਮਦੀਦਾਂ ਅਨੁਸਾਰ, ਫਾਰਚੂਨਰ ਨੂੰ ਸਾਹਮਣੇ ਤੋਂ ਟੱਕਰ ਮਾਰਨ ਤੋਂ ਬਾਅਦ, ਕ੍ਰੇਟਾ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਗ੍ਰੈਂਡ ਵਿਟਾਰਾ ਕਾਰ ਨਾਲ ਟਕਰਾਅ ਗਈ। ਇਸ ਤੋਂ ਬਾਅਦ, ਇਹ ਸੜਕ ਕਿਨਾਰੇ ਖੜ੍ਹੀ ਟੈਕਸੀ ਨਾਲ ਟਕਰਾਅ ਗਈ। ਦੋਵੇਂ ਕਾਰ ਚਾਲਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਸੂਚਨਾ ਮਿਲਦੇ ਹੀ ਥਾਣਾ ਨੰ. 6 ਦੀ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਰਾਤ 1:30 ਵਜੇ ਤੱਕ ਸੀ.ਸੀ.ਟੀ.ਵੀ. ਫੁਟੇਜ ਸਕੈਨ ਕਰਕੇ ਕ੍ਰੇਟਾ ਕਾਰ ਚਾਲਕ ਨੂੰ ਫੜਨ ਦੀ ਕੋਸ਼ਿਸ਼ ਕਰਦੀ ਰਹੀ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਇਥੇ ਹਰ ਰਾਤ ਤੇਜ਼ ਰਫ਼ਤਾਰ ਵਾਹਨ ਚੱਲਦੇ ਹਨ।