ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਫਿਰ ਵਧਿਆ

ਹਰੀਕੇ ਪੱਤਣ, ਮੱਖੂ, 14 ਸਤੰਬਰ (ਸੰਜੀਵ ਕੁੰਦਰਾ, ਕੁਲਵਿੰਦਰ ਸਿੰਘ ਸੰਧੂ)-ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਵਿਚ ਪਿਛਲੇ ਕੁਝ ਦਿਨਾਂ ਤੋਂ ਪਾਣੀ ਦਾ ਪੱਧਰ ਲਗਾਤਾਰ ਘੱਟ ਰਿਹਾ ਸੀ, ਜਿਸ ਕਾਰਨ ਹਰੀਕੇ ਹਥਾੜ ਖੇਤਰ ਵਿਚ ਵੀ ਲੋਕਾਂ ਦੇ ਘਰਾਂ ਅਤੇ ਜ਼ਮੀਨਾਂ ਵਿਚ ਪਾਣੀ ਉਤਰ ਰਿਹਾ ਸੀ ਕਿ ਬੀਤੇ ਕੱਲ੍ਹ ਤੋਂ ਪਾਣੀ ਦਾ ਪੱਧਰ ਫਿਰ ਵਧਣਾ ਸ਼ੁਰੂ ਹੋ ਗਿਆ। ਹਰੀਕੇ ਹੈੱਡ ਵਰਕਸ ਦੇ ਰੈਗੂਲੇਸ਼ਨ ਵਿਭਾਗ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ 7 ਵਜੇ ਹਰੀਕੇ ਹੈੱਡ ਵਰਕਸ ਦੇ ਅੱਪ ਸਟਰੀਮ ਵਿਚ ਪਾਣੀ ਦਾ ਪੱਧਰ 1 ਲੱਖ 43 ਹਜ਼ਾਰ ਕਿਊਸਿਕ ਸੀ, ਜਿਸ ਵਿਚੋਂ ਡਾਊਨ ਸਟਰੀਮ ਨੂੰ 1 ਲੱਖ 25 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ। ਬਾਕੀ 18 ਹਜ਼ਾਰ ਕਿਊਸਿਕ ਪਾਣੀ ਰਾਜਸਥਾਨ ਅਤੇ ਫਿਰੋਜ਼ਪੁਰ ਫੀਡਰ ਨਹਿਰਾਂ ਨੂੰ ਛੱਡਿਆ ਜਾ ਰਿਹਾ ਹੈ। ਬੀਤੇ ਕੱਲ੍ਹ ਸ਼ਾਮ 5 ਵਜੇ ਇਹ ਪਾਣੀ ਦਾ ਪੱਧਰ 1 ਲੱਖ 36 ਹਜ਼ਾਰ ਕਿਊਸਿਕ ਸੀ ਅਤੇ ਡਾਊਨ ਸਟਰੀਮ ਨੂੰ 1 ਲੱਖ 18 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ। ਜ਼ਿਕਰਯੋਗ ਹੈ ਕਿ ਡੈਮਾਂ ਤੋਂ ਛੱਡੇ ਗਏ ਪਾਣੀ ਕਾਰਨ ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਵੱਧ ਗਿਆ ਹੈ।