ਹੈਰੋਇਨ, ਇਕ ਡਰੋਨ ਤੇ ਦੋ ਮੋਟਰਸਾਈਕਲਾਂ ਸਣੇ 3 ਵਿਅਕਤੀ ਕਾਬੂ
ਫਿਰੋਜ਼ਪੁਰ, 14 ਸਤੰਬਰ (ਰਾਕੇਸ਼ ਚਾਵਲਾ, ਕੁਲਬੀਰ ਸਿੰਘ ਸੋਢੀ)- ਜ਼ਿਲ੍ਹਾ ਫਿਰੋਜ਼ਪੁਰ ਵਿਚ ਪੁਲਿਸ ਨੇ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕਰਕੇ ਤਿੰਨ ਵਿਅਕਤੀਆਂ ਕੋਲੋਂ 20 ਕਿਲੋ 259 ਗ੍ਰਾਮ ਹੈਰੋਇਨ, ਇਕ ਡਰੋਨ ਅਤੇ ਦੋ ਮੋਟਰਸਾਈਕਲ ਬਰਾਮਦ ਕਰਕੇ ਉਨ੍ਹਾਂ ਖਿਲਾਫ ਥਾਣਾ ਸਦਰ ਫਿਰੋਜ਼ਪੁਰ ਵਿਖੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਮਾਮਲੇ ਦਰਜ ਕੀਤੇ ਹਨ। ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਦੇ ਸਹਾਇਕ ਥਾਣੇਦਾਰ ਸੁਖਬੀਰ ਸਿੰਘ ਨੇ ਦੱਸਿਆ ਕਿ ਇਕ ਪੱਤਰ ਨੰਬਰ ਵਲੋਂ ਮਹੇਸ਼ ਕੁਮਾਰ ਵਰਮਾ ਏ.ਸੀ. 115 ਬੀ.ਐੱਨ. ਬੀ.ਐੱਸ.ਐੱਫ. ਬੀ.ਓ.ਪੀ. ਬੈਰੀਅਰ ਫਿਰੋਜ਼ਪੁਰ ਕਾਨੂੰਨੀ ਕਾਰਵਾਈ ਕਰਨ ਲਈ ਮੌਸੂਲ ਥਾਣਾ ਆਇਆ ਕਿ ਦੌਰਾਨੇ ਨਾਕਾਬੰਦੀ ਸਨ। 155 ਬਟਾਲੀਅਨ ਬੀ.ਐੱਸ.ਐੱਫ. ਬੀ.ਓ.ਪੀ. ਬੈਰੀਅਰ ਵਲੋਂ ਅਮਨਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਗੱਟੀ ਰਾਜੋ ਕੇ ਅਤੇ ਪਰਮਜੀਤ ਸਿੰਘ ਪੁੱਤਰ ਖੰਡਾ ਸਿੰਘ ਵਾਸੀ ਗੱਟੀ ਰਾਜੋ ਕੇ ਨੂੰ ਹੁਸੈਨੀਵਾਲਾ ਬੈਰਾਜ ਦੇ ਦੱਖਣ ਵਾਲੇ ਪਾਸੇ ਤੋਂ ਨਾਕਾਬੰਦੀ ਦੌਰਾਨ 4 ਕਿਲੋ 484 ਗ੍ਰਾਮ ਹੈਰੋਇਨ, 1 ਡਰੋਨ ਡੀ.ਜੇ. ਮੈਵਿਕ 3 ਕਲਾਸਿਕ, 1 ਮੋਟਰਸਾਈਕਲ ਹੀਰੋ ਪੈਸ਼ਨ ਨਾਲ ਕਾਬੂ ਕਰਕੇ ਗ੍ਰਿਫਤਾਰ ਕੀਤਾ।
ਇਸੇ ਤਰ੍ਹਾਂ ਸੀ.ਆਈ.ਏ. ਸਟਾਫ ਦੇ ਇੰਸਪੈਕਟਰ ਮੋਹਿਤ ਧਵਨ ਵਲੋਂ ਸਮੇਤ ਸਾਥੀ ਕਰਮਚਾਰੀਆਂ ਦੇ ਬਾਸਵਾਰੀ ਸਰਕਾਰੀ ਗੱਡੀ ’ਤੇ ਬਰਾਏ ਦੌਰਾਨੇ ਗਸ਼ਤ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਮੁਖਬਰੀ ਮਿਲਣ ’ਤੇ ਦੋਸ਼ੀ ਸੋਨੂੰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਹਬੀਬ ਵਾਲਾ ਥਾਣਾ ਸਦਰ ਫਿਰੋਜ਼ਪੁਰ ਨੂੰ ਨੇੜੇ ਸੋਕੜ ਨਹਿਰ ਦੁਲਚੀ ਕੇ ਰੋਡ ਫਿਰੋਜ਼ਪੁਰ ਤੋਂ 15 ਕਿਲੋ 775 ਗ੍ਰਾਮ ਹੈਰੋਇਨ ਤੇ ਇਕ ਮੋਟਰਸਾਈਕਲ ਹੀਰੋ ਸਪਲੈਂਡਰ ਪਲੱਸ ਬਿਨ੍ਹਾਂ ਨੰਬਰੀ ਸਮੇਤ ਕਾਬੂ ਕਰਕੇ ਗ੍ਰਿਫਤਾਰ ਕੀਤਾ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਆਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਹੈਰੋਇਨ ਕਿਥੋਂ ਲਿਆਂਦੀ ਅਤੇ ਅੱਗੇ ਕਿਸ ਨੂੰ ਸਪਲਾਈ ਕਰਨੀ ਸੀ ਤਾਂ ਕਿ ਇਨ੍ਹਾਂ ਦੇ ਨੈੱਟਵਰਕ ਨੂੰ ਤੋੜਿਆ ਜਾ ਸਕੇ।