ਨਿਪਾਲ ’ਚ ਹਿੰਸਾ: ਵੱਖ ਵੱਖ ਏਅਰਲਾਈਨਜ਼ ਵਲੋਂ ਕਾਠਮੰਡੂ ਲਈ ਉਡਾਣਾਂ ਰੱਦ

ਕਾਠਮੰਡੂ, 10 ਸਤੰਬਰ- ਨਿਪਾਲ ਵਿਚ ਨੌਜਵਾਨਾਂ ਦੇ ਗੁੱਸੇ ਨੇ ਦੇਸ਼ ਵਿਚ ਰਾਜਨੀਤਕ-ਸਮਾਜਿਕ ਉਥਲ-ਪੁਥਲ ਮਚਾ ਦਿੱਤੀ ਹੈ। ਗੁੱਸੇ ਵਿਚ ਆਏ ਜਨਰਲ-ਜੀ (ਨੌਜਵਾਨ) ਭੀੜ ਨੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਮੰਤਰੀਆਂ ਦੇ ਘਰਾਂ ਨੂੰ ਅੱਗ ਲਗਾ ਦਿੱਤੀ। ਇਸ ਤੋਂ ਇਲਾਵਾ ਦੇਸ਼ ਦੀ ਸੰਸਦ, ਸੁਪਰੀਮ ਕੋਰਟ ਅਤੇ ਕਈ ਸਰਕਾਰੀ ਇਮਾਰਤਾਂ ਨੂੰ ਵੀ ਅੱਗ ਲਗਾ ਦਿੱਤੀ ਗਈ। ਭਾਰਤ ਨੇ ਵਿਗੜਦੀ ਸਥਿਤੀ ’ਤੇ ਚਿੰਤਾ ਪ੍ਰਗਟ ਕੀਤੀ ਹੈ। ਸਾਵਧਾਨੀ ਵਜੋਂ ਏਅਰ ਇੰਡੀਆ, ਇੰਡੀਗੋ ਅਤੇ ਨਿਪਾਲ ਏਅਰਲਾਈਨਜ਼ ਨੇ ਦਿੱਲੀ ਤੋਂ ਕਾਠਮੰਡੂ ਲਈ ਉਡਾਣਾਂ ਰੱਦ ਕਰ ਦਿੱਤੀਆਂ ਹਨ।
ਇੰਡੀਗੋ ਨੇ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਕਾਠਮੰਡੂ ਜਾਣ ਅਤੇ ਆਉਣ ਵਾਲੀਆਂ ਸਾਰੀਆਂ ਉਡਾਣਾਂ 10 ਸਤੰਬਰ ਨੂੰ ਦੁਪਹਿਰ 12 ਵਜੇ ਤੱਕ ਰੱਦ ਰਹਿਣਗੀਆਂ। ਏਅਰਲਾਈਨਜ਼ ਨੇ ਇਸ ਦਾ ਕਾਰਨ ਕਾਠਮੰਡੂ ਹਵਾਈ ਅੱਡੇ ਦੇ ਬੰਦ ਹੋਣ ਦਾ ਹਵਾਲਾ ਦਿੱਤਾ ਹੈ।