ਨਿਪਾਲ ਵਿਚ ਹਿੰਸਾ: ਬਿਹਾਰ ਨੇ 7 ਜ਼ਿਲ੍ਹਿਆਂ ਦੀ ਅੰਤਰਰਾਸ਼ਟਰੀ ਸਰਹੱਦ ਕੀਤੀ ਸੀਲ

ਪਟਨਾ, 10 ਸਤੰਬਰ- ਨਿਪਾਲ ਵਿਚ ਹਿੰਸਾ ਤੋਂ ਬਾਅਦ ਬਿਹਾਰ ਦੇ 7 ਜ਼ਿਲ੍ਹਿਆਂ ਪੱਛਮੀ ਚੰਪਾਰਣ, ਪੂਰਬੀ ਚੰਪਾਰਣ, ਸੀਤਾਮੜੀ, ਮਧੂਬਨੀ, ਸੁਪੌਲ, ਅਰਰੀਆ ਅਤੇ ਕਿਸ਼ਨਗੰਜ ਦੀ ਅੰਤਰਰਾਸ਼ਟਰੀ ਸਰਹੱਦ ਨੂੰ ਸੀਲ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਸਰਹੱਦ ’ਤੇ ਟਰੱਕਾਂ ਦੀ 5 ਕਿਲੋਮੀਟਰ ਲੰਬੀ ਲਾਈਨ ਲੱਗ ਗਈ ਹੈ ਤੇ ਲਗਭਗ 10 ਹਜ਼ਾਰ ਵਾਹਨ ਫਸ ਗਏ ਹਨ।
ਅੱਜ ਜਲੇਸ਼ਵਰ ਜੇਲ੍ਹ ਤੋੜਨ ਦੀ ਘਟਨਾ ਵਿਚ 577 ਕੈਦੀਆਂ ਵਿਚੋਂ 576 ਭੱਜ ਗਏ। ਦੇਰ ਰਾਤ ਐਸ.ਐਸ.ਬੀ. ਨੇ ਸੀਤਾਮੜੀ ਰਾਹੀਂ ਭਾਰਤ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ 10 ਕੈਦੀਆਂ ਨੂੰ ਫੜ ਲਿਆ ਹੈ। ਇਨ੍ਹਾਂ ਵਿਚੋਂ 2 ਭਾਰਤੀ ਅਤੇ 8 ਨਿਪਾਲੀ ਹਨ।
ਇਥੇ ਨਿਪਾਲ ਵਿਚ ਹਿੰਸਾ ਤੋਂ ਬਾਅਦ ਸੈਲਾਨੀਆਂ ਦੀ ਆਵਾਜਾਈ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਅਰਰੀਆ ਦੀ ਜੋਗਬਨੀ ਸਰਹੱਦ ’ਤੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਕਿਸ਼ਨਗੰਜ ਵਿਚ ਗਲਗਲੀਆ ਦੀ ਭਟਗਾਓਂ ਸਰਹੱਦ ਤੋਂ ਨਿਪਾਲ ਜਾਣ ਅਤੇ ਆਉਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਮਧੂਬਨੀ ਦੇ ਜੈਨਗਰ ਰੇਲਵੇ ਸਟੇਸ਼ਨ ਤੋਂ ਨਿਪਾਲ ਦੇ ਜਨਕਪੁਰ ਤੱਕ ਇਕ ਰੇਲਗੱਡੀ ਚੱਲਦੀ ਹੈ। ਨਿਪਾਲ ਵਿਚ ਵਿਗੜਦੀ ਸਥਿਤੀ ਅਤੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਕਾਰਨ ਭਾਰਤ-ਨਿਪਾਲ ਰੇਲ ਸੇਵਾ ਨੂੰ ਅਣ-ਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ।