10-09-25
ਪੰਜਾਬੀਆਂ 'ਤੇ ਤੁਹਮਤਾਂ ਕਿਉਂ?
ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਤੇ ਆਜ਼ਾਦੀ ਤੋਂ ਪਿੱਛੋਂ ਪੰਜਾਬ ਤੇ ਪੰਜਾਬੀਆਂ ਨੇ ਅਨੇਕਾਂ ਵਾਰ ਹਿੱਕ ਢਾਹ ਕੇ ਦੇਸ਼ ਲਈ ਲੜਾਈ ਲੜੀ। ਭਾਵੇਂ ਉਹ ਲੜਾਈ ਢਿੱਡ ਭਰਨ ਲਈ ਰੋਟੀ ਖਾਤਰ ਹੋਵੇ ਜਾਂ ਸਾਡੇ ਗੁਆਂਢੀ ਮੁਲਕਾਂ ਵਲੋਂ ਦੇਸ਼ 'ਤੇ ਹਮਲੇ ਦੀ ਹੋਵੇ ਤੇ ਭਾਵੇਂ ਹੜ੍ਹਾਂ ਜਾਂ ਦੇਸ਼ 'ਚ ਆਈਆਂ ਹੋਰ ਆਫ਼ਤਾਂ ਦੀ ਹੋਵੇ, ਪੰਜਾਬ ਤੇ ਪੰਜਾਬੀਆਂ ਨੇ ਸੈਂਕੜੇ ਕੁਰਬਾਨੀਆ ਦਿੱਤੀਆ। ਪਰ ਇਸ ਸਭ ਕੁਝ ਦੇ ਬਾਵਜੂਦ ਪੰਜਾਬ ਤੇ ਪੰਜਾਬੀਆਂ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਜਾਂਦਾ ਹੈ, ਪੰਜਾਬੀਆਂ 'ਤੇ ਹੀ ਤੁਹਮਤਾਂ ਕਿਉਂ ਲੱਗਦੀਆਂ ਹਨ? ਹੁਣ ਹੜ੍ਹਾਂ ਦੀ ਮਾਰਵੀ ਪੰਜਾਬੀ ਝੱਲ ਰਹੇ ਹਨ। ਇਸ ਤੋਂ ਪਹਿਲਾਂ ਗੁਆਂਢੀ ਮੁਲਕ ਪਾਕਿਸਤਾਨ ਵਲੋਂ 'ਆਪ੍ਰੇਸ਼ਨ ਸੰਧੂਰ' ਸਮੇਂ ਵੀ ਪੰਜਾਬ ਦੇ ਬਾਡਰ 'ਤੇ ਬੈਠੇ ਲੋਕਾਂ ਦਾ ਚੋਖਾ ਨੁਕਸਾਨ ਹੋਇਆ। ਕੇਂਦਰ ਸਰਕਾਰ ਪੰਜਾਬ ਦਾ ਹੱਥ ਕਿਉਂ ਨੀ ਫੜਦੀ। ਪੰਜਾਬੀਆਂ ਨੂੰ ਅੱਤਵਾਦੀ ਜਾਂ ਖ਼ਾਲਿਸਤਾਨੀ ਕਹਿ ਕੇ ਭੰਡਣ ਵਾਲੇ ਦੇਸ਼ ਵਾਸੀ ਕਿਉਂ ਭੁੱਲ ਜਾਂਦੇ ਹਨ ਕਿ ਪੰਜਾਬੀ ਹੀ ਦੇਸ਼ ਦੇ ਬਾਰਡਰਾਂ 'ਤੇ ਸਭ ਤੋਂ ਮੂਹਰੇ ਹੋ ਕੇ ਡਟ ਕੇ ਖਲੋਂਦੇ ਹਨ ਤੇ ਸ਼ਹੀਦ ਵੀ ਪੰਜਾਬੀ ਫੌਜੀ ਹੀ ਹੁੰਦੇ ਹਨ। ਪੰਜਾਬੀਆਂ ਜਿੱਡਾ ਕੋਈ ਦੇਸ਼ ਭਗਤ ਨਹੀਂ, ਫਿਰ ਵੀ ਪੰਜਾਬੀਆਂ 'ਤੇ ਤੋਹਮਤਾਂ ਕਿਉਂ ?
-ਲੈਕਚਰਾਰ ਅਜੀਤ ਖੰਨਾ
ਐਮ ਏ. ਐਮ ਫਿਲ, ਐਮ.ਜੇ.ਐਮ.ਸੀ, ਬੀ ਐੱਡ
ਹੜ੍ਹਾਂ ਨੇ ਮਚਾਈ ਤਬਾਹੀ
ਜਿੱਥੇ ਜਲ ਮਨੁੱਖ ਲਈ ਜੀਵਨਦਾਤਾ ਹੈ ਉੱਥੇ ਇਸ ਦਾ ਬੇਕਾਬੂ ਹੋਇਆ ਸੈਲਾਬੀ ਰੂਪ ਤਬਾਹੀ ਮਚਾ ਦਿੰਦਾ ਹੈ। ਆਦਮੀ ਦਾ ਬਣਾਇਆ ਸਭ ਕੁਝ ਮਿੰਟਾਂ-ਸਕਿੰਟਾਂ ਵਿਚ ਹੀ ਫ਼ਨਾਹ ਕਰ ਦਿੰਦਾ ਹੈ। ਅਜਿਹਾ ਹੀ ਕਈ ਦਿਨਾਂ ਤੋਂ ਲਗਾਤਾਰ ਭਾਰੀ ਮੀਂਹ ਪੈਣ ਅਤੇ ਦਰਿਆਵਾਂ ਦੇ ਟੁੱਟਣ ਨਾਲ ਚਾਰੇ ਪਾਸਿਓਂ ਦੇਖਣ ਨੂੰ ਮਿਲ ਰਿਹਾ ਹੈ। ਦਰਿਆਵਾਂ, ਨਦੀਆਂ, ਚੋਆਂ ਦਾ ਜਲ ਪੱਧਰ ਬੇਕਾਬੂ ਹੋ ਕੇ ਫਸਲਾਂ ਤੇ ਰਿਹਾਇਸ਼ੀ ਖੇਤਰਾਂ ਵਿਚ ਤਬਾਹੀ ਮਚਾ ਰਿਹਾ ਹੈ। ਅਰਬਾਂ ਦਾ ਮਾਲੀ ਨੁਕਸਾਨ ਹੋ ਗਿਆ ਹੈ ਤੇ ਹੋਰ ਵੀ ਹੋ ਰਿਹਾ ਹੈ ਅਤੇ ਜਾਨੀ ਨੁਕਸਾਨ ਦਾ ਹਰ ਪਾਸੇ ਖ਼ਤਰਾ ਬਣਿਆ ਹੋਇਆ ਹੈ। ਅਜਿਹੇ ਸੈਲਾਬ ਨੂੰ ਰੋਕਣਾ ਮਨੁੱਖ ਦੇ ਵਸ ਨਹੀਂ ਜਦੋਂ ਪਹਿਲਾਂ ਤੋਂ ਕੋਈ ਤਿਆਰੀ ਨਾ ਹੋਵੇ। ਹੜ੍ਹਾਂ ਦੀ ਅਜਿਹੀ ਸਥਿਤੀ ਬਣਨ ਤੋਂ ਪਹਿਲਾਂ ਹੀ ਦਰਿਆਵਾਂ, ਨਦੀਆਂ ਵਿਚ ਜਿਥੇ ਹਰ ਸਾਲ ਬਾਰਿਸ਼ ਨਾਲ ਨੁਕਸਾਨ ਹੁੰਦਾ ਹੈ ਉੱਥੇ ਉਨ੍ਹਾਂ ਨਦੀਆਂ, ਨਾਲਿਆਂ ਨੂੰ ਡੂੰਘਾ ਕਰ ਕੇ ਉਨ੍ਹਾਂ 'ਤੇ ਪੱਕੇ ਅਤੇ ਮਜ਼ਬੂਤ ਬੰਨ੍ਹ ਲਾਉਣ ਦਾ ਕੰਮ ਪੂਰੇ ਸਾਲ ਭਰ ਕਿਉਂ ਨਹੀਂ ਕੀਤਾ ਜਾਂਦਾ। ਸਰਕਾਰਾਂ ਤਬਾਹੀ ਨੂੰ ਹੀ ਕਿਉਂ ਉਡੀਕਦੀਆਂ ਹਨ, ਲੋਕਾਂ ਨੂੰ ਉਨ੍ਹਾਂ ਦੇ ਆਪਣੇ ਹਾਲ ਸਹਾਰੇ ਮਰਨ ਲਈ ਕਿਉਂ ਛੱਡਿਆ ਜਾਂਦਾ ਹੈ?
-ਲਾਭ ਸਿੰਘ ਸ਼ੇਰਗਿੱਲ
ਸੰਗਰੂਰ
ਅਨੇਕਤਾ ਵਿਚ ਏਕਤਾ
ਅਨੇਕਤਾ ਵਿਚ ਏਕਤਾ ਦਰਸਾਉਣ ਵਾਲੇ ਮਹਾਨ ਦੇਸ਼ ਭਾਰਤ ਵਿਚ ਕਈ ਵਾਰ ਵੱਖ-ਵੱਖ ਭਾਈਚਾਰੇ ਆਪੋ-ਆਪਣੇ ਰਾਗ ਅਲਾਪਦੇ ਹਨ। ਅਜਿਹਾ ਕਿਉਂ ਹੋ ਰਿਹਾ ਹੈ? ਇਹ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਧਰਮ ਦੇ ਨਾਂਅ 'ਤੇ ਕਤਲੇਆਮ ਚੰਗੀ ਗੱਲ ਨਹੀਂ ਹੈ।
ਕੋਈ ਵੀ ਧਰਮ ਇਕ-ਦੂਜੇ ਨਾਲ ਦੁਸ਼ਮਣੀ ਨਹੀਂ ਸਿਖਾਉਂਦਾ। ਰੱਬ ਇਕ ਹੈ, ਅਸੀਂ ਸਾਰੇ ਉਸਦੇ ਬੱਚੇ ਹਾਂ। ਉਸ ਤੱਕ ਪਹੁੰਚਣ ਦੇ ਵੱਖ-ਵੱਖ ਤਰੀਕੇ ਹੋ ਸਕਦੇ ਹਨ। ਸਿਆਸਤਦਾਨਾਂ ਨੂੰ ਧਰਮ ਦੀ ਵਰਤੋਂ ਸਿਰਫ਼ ਆਪਣੇ ਫਾਇਦੇ ਲਈ ਨਹੀਂ ਕਰਨੀ ਚਾਹੀਦੀ। ਧਰਮ ਮਨ ਵਿਚ ਸਹਿਣਸ਼ੀਲਤਾ, ਦਇਆ ਅਤੇ ਦਾਨ ਦੀ ਭਾਵਨਾ ਪੈਦਾ ਕਰਦਾ ਹੈ। ਕੀ ਅਸੀਂ ਸਹਿਣਸ਼ੀਲ, ਦਿਆਲੂ ਅਤੇ ਦਾਨੀ ਹਾਂ ? ਆਪਣੇ ਮਨ ਨੂੰ ਪੁੱਛੋ ਕੀ ਅਸੀਂ ਇਕ-ਦੂਜੇ ਦੇ ਧਰਮ ਦਾ ਸਤਿਕਾਰ ਕਰਦੇ ਹਾਂ ? ਜਾਗੋ, ਜਾਗਣ ਦਾ ਸਮਾਂ ਆ ਗਿਆ ਹੈ। ਆਓ, ਇਕ-ਦੂਜੇ ਨਾਲ ਸੁਹਿਰਦ ਰਿਸ਼ਤਾ ਕਾਇਮ ਕਰੀਏ।
ਦੁਸ਼ਮਣੀ, ਕੁੜੱਤਣ ਅਤੇ ਸੌੜੀ ਸੋਚ ਨੂੰ ਤਿਆਗ ਦਿਓ ਨਹੀਂ ਤਾਂ ਫਿਰਕਾਪ੍ਰਸਤੀ ਦਾ ਡੰਗ ਸਾਡੇ ਦੇਸ਼ ਨੂੰ ਆਪਣੀ ਲਪੇਟ 'ਚ ਲੈ ਲਵੇਗਾ ।
-ਵਰਿੰਦਰ ਸ਼ਰਮਾ
ਊਨਾ (ਹਿਮਾਚਲ ਪ੍ਰਦੇਸ਼)
ਹਰ ਪਿੰਡ ਸਟੇਡੀਅਮ
ਪੰਜਾਬ ਵਿਚ ਭਗਵੰਤ ਮਾਨ ਸਰਕਾਰ ਹਰ ਪਿੰਡ ਵਿਚ ਸਟੇਡੀਅਮ ਬਣਾਉਣ ਜਾ ਰਹੀ ਹੈ ਜੋ ਕਿ ਬਹੁਤ ਵਧੀਆ ਗੱਲ ਹੈ। ਹਰ ਪਿੰਡ ਵਿਚ ਖੇਡ ਸਟੇਡੀਅਮ ਹੋਣ ਦੇ ਨਾਲ-ਨਾਲ ਲੋਕਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਕੋਚ ਜਾਂ ਹੋਰ ਮੁਲਾਜ਼ਮ ਵੀ ਹੋਣੇ ਚਾਹੀਦੇ ਹਨ। ਅੱਜ ਹਾਲਾਤ ਇਹ ਹੈ ਕਿ ਪਿੰਡਾਂ ਦੇ ਲੋਕ ਖਾਸ ਕਰਕੇ ਮਾਂ-ਖੇਡ ਕਬੱਡੀ ਨਾਲੋਂ ਆਪਣੇ ਬੱਚਿਆਂ ਨੂੰ ਤੋੜ ਰਹੇ ਹਨ। ਇਸ ਦਾ ਇਕ ਵੱਡਾ ਕਾਰਨ ਨਸ਼ੇ ਹਨ ਜਦੋਂ ਤੱਕ ਪੰਜਾਬ 'ਚੋਂ ਨਸ਼ਿਆਂ ਦਾ ਖਾਤਮਾ ਨਹੀਂ ਹੁੰਦਾ ਓਨਾ ਚਿਰ ਖੇਡ ਸਟੇਡੀਅਮਾਂ ਵਿਚ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਨਹੀਂ ਭੇਜਣਾ। ਕਿਉਂਕਿ ਨਸ਼ਿਆਂ ਨੇ ਜ਼ਿਆਦਾਤਰ ਖਿਡਾਰੀਆਂ ਨੂੰ ਹੀ ਪ੍ਰਭਾਵਿਤ ਕੀਤਾ ਹੈ ਅਤੇ ਨਸ਼ੇ ਦੇ ਸੌਦਾਗਰਾਂ ਵਿਚ ਵੀ ਖਿਡਾਰੀਆਂ ਦਾ ਨਾਂਅ ਆਉਣ ਲੱਗਾ ਹੈ।
ਬਿਨਾਂ ਸ਼ੱਕ ਪੰਜਾਬ ਸਰਕਾਰ ਪੰਜਾਬ ਵਿਚ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਚਲਾ ਕੇ ਨਸ਼ਿਆਂ ਦੇ ਵਿਰੁੱਧ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ। ਜੇਕਰ ਖਿਡਾਰੀਆਂ ਤੇ ਕੋਚਾਂ ਨੂੰ ਚੰਗੇ ਰੁਜ਼ਗਾਰ ਦਿੱਤੇ ਜਾਣਗੇ ਤਾਂ ਹੀ ਨੌਜਵਾਨ ਪੀੜ੍ਹੀ ਖੇਡਾਂ ਵੱਲ ਪ੍ਰੇਰਿਤ ਹੋਵੇਗੀ। ਇਨ੍ਹਾਂ ਗੱਲਾਂ ਤੋਂ ਬਿਨਾਂ ਸਿਰਫ਼ ਲੋਕਾਂ ਨੂੰ ਲਾਰਿਆਂ ਨਾਲ, ਗੱਲਾਂ ਨਾਲ, ਖੇਡ ਸਟੇਡੀਅਮ ਵਿਚ ਭੇਜਣਾ ਅੱਜ ਦੀ ਘੜੀ ਬਹੁਤ ਮੁਸ਼ਕਿਲ ਹੈ।
-ਜਸਕਰਨ ਲੰਡੇ
ਪਿੰਡ ਤੇ ਡਾਕ ਲੰਡੇ (ਮੋਗਾ)