JALANDHAR WEATHER

ਬਜ਼ੁਰਗ ਔਰਤ ਦੇ ਘਰ ’ਚੋਂ 30 ਤੋਲੇ ਸੋਨਾ, ਥਾਰ ਗੱਡੀ ਤੇ ਹੋਰ ਕੀਮਤੀ ਸਮਾਨ ਚੋਰੀ

 ਭਵਾਨੀਗੜ੍ਹ (ਸੰਗਰੂਰ), 06 ਸਤੰਬਰ (ਲਖਵਿੰਦਰ ਪਾਲ ਗਰਗ) - ਪਿੰਡ ਮਾਝੀ ਵਿਖੇ ਚੋਰਾਂ ਵਲੋਂ ਇਕ ਬਜ਼ੁਰਗ ਔਰਤ ਦੇ ਘਰ ਵਿਚੋਂ 30 ਤੋਲੇ ਸੋਨੇ ਦੇ ਗਹਿਣੇ, ਇਕ ਥਾਰ ਗੱਡੀ ਤੋਂ ਇਲਾਵਾ ਕੀਮਤੀ ਸਮਾਨ ਸਮੇਤ 10 ਹਜ਼ਾਰ ਰੁਪਏ ਚੋਰੀ ਕਰ ਲੈਣ ਦਾ ਸਮਾਚਾਰ ਮਿਲਿਆ ਹੈ। ਇਸ ਘਟਨਾ ਸੰਬੰਧੀ ਮਨਜੀਤ ਕੌਰ ਪਤਨੀ ਸਵ: ਰਘਵੀਰ ਸਿੰਘ ਵਾਸੀ ਪਿੰਡ ਮਾਝੀ ਨੇ ਦੱਸਿਆ ਕਿ ਉਹ ਆਪਣੇ ਪਿੰਡ ਮਾਝੀ ਵਿਖੇ ਘਰ ’ਚ ਇਕੱਲੀ ਹੀ ਰਹਿੰਦੀ ਹੈ, ਉਸ ਦਾ ਲੜਕਾ ਤੇ ਨੂੰਹ ਕੈਨੇਡਾ ਵਿਖੇ ਰਹਿੰਦੇ ਹਨ। ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਆਪਣੇ ਪੇਕੇ ਪਰਿਵਾਰ ਕੋਲ ਗਈ ਹੋਈ ਸੀ ਤੇ ਅੱਜ ਦੇਰ ਸ਼ਾਮ ਜਦੋਂ ਉਹ ਆਪਣੇ ਘਰ ਵਾਪਸ ਆਈ ਤਾਂ ਉਸ ਦੇ ਘਰ ਦਾ ਮੁੱਖ ਦਰਵਾਜ਼ਾ ਖੁੱਲ੍ਹਾ ਪਿਆ ਸੀ। ਜਦੋਂ ਉਸ ਨੇ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਖੜ੍ਹੀ ਥਾਰ ਗੱਡੀ ਗਾਇਬ ਸੀ ਤੇ ਘਰ ਦੇ ਕਮਰਿਆ ਅੰਦਰ ਪਇਆ ਸਮਾਨ ਖਿਲਰਿਆ ਹੋਇਆ ਸੀ। ਘਰ ਦੀਆਂ ਅਲਮਾਰੀਆ ਤੇ ਬੈੱਡ ਵਗੈਰਾ ਦੀ ਚੋਰਾਂ ਵਲੋਂ ਭੰਨ ਤੋੜ ਕੀਤੀ ਹੋਈ ਸੀ। ਜਦੋਂ ਉਸ ਨੇ ਆਪਣੇ ਘਰ ਦਾ ਸਮਾਨ ਵਗੈਰਾ ਚੈੱਕ ਕੀਤਾ ਤਾਂ ਉਸ ਨੇ ਦੇਖਿਆ ਕਿ ਚੋਰ ਉਸ ਦੇ ਘਰ ਵਿਚੋਂ 30 ਤੋਲੇ ਸੋਨਾ, ਇਕ ਐਲ.ਸੀ.ਡੀ., ਇਕ ਮਾਈਕਰੋਵੇਵ ਤੋਂ ਇਲਾਵਾ ਚਾਂਦੀ ਦੇ ਗਹਿਣੇ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਜਾ ਚੁੱਕੇ ਸਨ, ਜਿਸ ਨਾਲ ਉਸ ਦਾ ਲੱਖਾਂ ਰੁਪਿਆ ਦਾ ਨੁਕਸਾਨ ਹੋ ਗਿਆ। ਇਸ ਘਟਨਾ ਸੰਬੰਧੀ ਉਸ ਨੇ ਸਥਾਨਕ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਅਤੇ ਪਿੰਡ ’ਚ ਲੱਗੇ ਹੋਏ ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਨੂੰ ਵੀ ਪੁਲਿਸ ਵਲੋਂ ਚੈੱਕ ਕੀਤਾ ਜਾ ਰਿਹਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ