ਹਸਪਤਾਲ ’ਚ ਦਿਨ ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ

ਮਲੇਰਕੋਟਲਾ, 19 ਅਗਸਤ (ਮੁਹੰਮਦ ਹਨੀਫ਼ ਥਿੰਦ)- ਇਥੇ ਇਕ ਨਿੱਜੀ ਹਸਪਤਾਲ ਵਿਖੇ ਮੈਡੀਕਲ ਸਟੋਰ ’ਤੇ ਆਪਣੀ ਡਿਊਟੀ ’ਤੇ ਤਾਇਨਾਤ ਇਕ ਸਾਹਿਲ ਨਾਂਅ ਦੇ ਮੁਲਾਜ਼ਮ ਨਾਲ ਕੁਝ ਬਾਹਰੀ ਵਿਅਕਤੀਆਂ ਵਲੋਂ ਅੰਦਰ ਵੜਕੇ ਸਰੇਆਮ ਗੁੰਡਾਗਰਦੀ ਕੀਤੀ ਗਈ ਹੈ। ਕੁੱਟਮਾਰ ਦੀ ਸਾਰੀ ਘਟਨਾ ਮੈਡੀਕਲ ਸਟੋਰ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਚੁੱਕੀ ਹੈ। ਸਾਰੀ ਗੱਲ ਸਿਰਫ਼ 30 ਰੁਪਏ ਦੀ ਕਿਸੇ ਚੀਜ਼ ਦੀ ਵਾਪਸੀ ਦੀ ਦੱਸੀ ਜਾ ਰਹੀ ਹੈ, ਜਿਸ ਕਰਕੇ ਇਹ ਇੰਨਾ ਵੱਡਾ ਮੁੱਦਾ ਬਣ ਗਿਆ ਕਿ ਹਸਪਤਾਲ ਦੇ ਮੁਲਾਜ਼ਮ ਨੂੰ ਕੁਝ ਵਿਅਕਤੀ ਸਰੇਆਮ ਮਾਰਦੇ ਹੋਏ ਮੈਡੀਕਲ ਸਟੋਰ ਦੇ ਅੰਦਰ ਦਾਖ਼ਲ ਹੋਣ ਵਾਲੇ ਦਰਵਾਜ਼ੇ ਤੋਂ ਕੁੱਟਦੇ ਕੁੱਟਦੇ ਮੈਡੀਕਲ ਸਟੋਰ ਦੇ ਅੰਦਰ ਹੀ ਪਿਛੇ ਬਣੇ ਹੋਏ ਛੋਟੇ ਸਟੋਰ ਵਿਚ ਲਿਜਾਂਦੇ ਦਿਖਾਈ ਦੇ ਰਹੇ ਹਨ ਅਤੇ ਮੈਡੀਕਲ ਸਟੋਰ ’ਤੇ ਇਕ ਮਹਿਲਾ ਮੁਲਾਜ਼ਮ ਅਤੇ ਇਕ ਹੋਰ ਮੁਲਾਜ਼ਮ ਵੀ ਸਹਿਮੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਵਿਚ ਇਕ ਵਿਅਕਤੀ ਛੁਡਵਾਉਣ ਦੀ ਕੋਸ਼ਿਸ਼ ਵੀ ਕਰਦਾ ਦਿਖਾਈ ਦੇ ਰਿਹਾ ਹੈ। ਜਾਣਕਾਰੀ ਅਨੁਸਾਰ ਕੁੱਟਮਾਰ ਦਾ ਸ਼ਿਕਾਰ ਮੁਲਾਜ਼ਮ ਸਾਹਿਲ ਸਰਕਾਰੀ ਹਸਪਤਾਲ ਮਲੇਰਕੋਟਲਾ ਵਿਖੇ ਇਲਾਜ ਅਧੀਨ ਹੈ।