ਸੰਸਦ ਨੇ ਨਵਾਂ ਆਮਦਨ ਟੈਕਸ ਬਿੱਲ ਕੀਤਾ ਪਾਸ

ਨਵੀਂ ਦਿੱਲੀ, 12 ਅਗਸਤ (ਪੀ.ਟੀ.ਆਈ.)-ਸੰਸਦ ਨੇ ਮੰਗਲਵਾਰ ਨੂੰ ਛੇ ਦਹਾਕੇ ਪੁਰਾਣੇ ਆਮਦਨ ਟੈਕਸ ਐਕਟ, 1961 ਦੀ ਥਾਂ ਇਕ ਨਵਾਂ ਆਮਦਨ ਟੈਕਸ ਬਿੱਲ ਪਾਸ ਕੀਤਾ ਜੋ ਕਿ 1 ਅਪ੍ਰੈਲ, 2026 ਤੋਂ ਲਾਗੂ ਹੋਵੇਗਾ। ਰਾਜ ਸਭਾ ਵਿਚ ਆਮਦਨ ਟੈਕਸ ਬਿੱਲ, 2025 ਨੂੰ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਹ ਕੋਈ ਨਵੀਂ ਟੈਕਸ ਦਰ ਨਹੀਂ ਲਗਾਉਂਦਾ ਅਤੇ ਸਿਰਫ ਭਾਸ਼ਾ ਨੂੰ ਸਰਲ ਬਣਾਉਂਦਾ ਹੈ ਜੋ ਕਿ ਗੁੰਝਲਦਾਰ ਆਮਦਨ ਟੈਕਸ ਕਾਨੂੰਨਾਂ ਨੂੰ ਸਮਝਣ ਲਈ ਲੋੜੀਂਦਾ ਹੈ। ਨਵਾਂ ਬਿੱਲ ਬੇਲੋੜੇ ਪ੍ਰਬੰਧਾਂ ਅਤੇ ਪੁਰਾਣੀ ਭਾਸ਼ਾ ਨੂੰ ਹਟਾਉਂਦਾ ਹੈ ਅਤੇ 1961 ਦੇ ਆਮਦਨ ਐਕਟ ਵਿਚ ਧਾਰਾਵਾਂ ਦੀ ਗਿਣਤੀ 819 ਤੋਂ ਘਟਾ ਕੇ 536 ਅਤੇ ਅਧਿਆਵਾਂ ਦੀ ਗਿਣਤੀ 47 ਤੋਂ ਘਟਾ ਕੇ 23 ਕਰ ਦਿੰਦਾ ਹੈ।
ਨਵੇਂ ਆਮਦਨ ਕਰ ਬਿੱਲ ਵਿਚ ਸ਼ਬਦਾਂ ਦੀ ਗਿਣਤੀ 5.12 ਲੱਖ ਤੋਂ ਘਟਾ ਕੇ 2.6 ਲੱਖ ਕਰ ਦਿੱਤੀ ਗਈ ਹੈ ਅਤੇ ਪਹਿਲੀ ਵਾਰ, ਇਹ ਸਪੱਸ਼ਟਤਾ ਵਧਾਉਣ ਲਈ 1961 ਦੇ ਕਾਨੂੰਨ ਦੇ ਸੰਘਣੇ ਟੈਕਸਟ ਦੀ ਥਾਂ 'ਤੇ 39 ਨਵੇਂ ਟੇਬਲ ਅਤੇ 40 ਨਵੇਂ ਫਾਰਮੂਲੇ ਪੇਸ਼ ਕਰਦਾ ਹੈ। ਸੀਤਾਰਮਨ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕੋਵਿਡ ਹੋਵੇ ਜਾਂ ਨਾ ਹੋਵੇ ਕੋਵਿਡ - ਲੋਕਾਂ 'ਤੇ ਟੈਕਸ ਦਾ ਬੋਝ ਨਹੀਂ ਵਧਾਇਆ ਜਾਣਾ ਚਾਹੀਦਾ। ਅਸੀਂ ਕੋਈ ਨਵਾਂ ਟੈਕਸ ਨਹੀਂ ਵਧਾਇਆ ਹੈ।